ਝਬਾਲ ਰੋਡ 'ਤੇ ਡੰਪ ਵਾਲੀ ਥਾਂ 'ਤੇ ਬਣਾਇਆ ਜਾਵੇਗਾ ਪਾਰਕ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਕੇਂਦਰੀ ਦੇ ਲੋਕਾਂ ਲਈ ਝਬਾਲ ਰੋਡ 'ਤੇ ਮੁਸੀਬਤ ਬਣੇ ਡੰਪ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ......

Soni Flaging to Punjab Mobiles TB Van

ਅੰਮ੍ਰਿਤਸਰ,: ਹਲਕਾ ਕੇਂਦਰੀ ਦੇ ਲੋਕਾਂ ਲਈ ਝਬਾਲ ਰੋਡ 'ਤੇ ਮੁਸੀਬਤ ਬਣੇ ਡੰਪ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਡੰਪ ਵਾਲੀ ਥਾਂ 'ਤੇ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਓ.ਪੀ.ਸੋਨੀ, ਸਿੱਖਿਆ ਮੰਤਰੀ ਪੰਜਾਬ ਨੇ ਅੱਜ ਪਿੰਡ ਫਤਾਹਪੁਰ ਵਿਖੇ ਨਵੀਂ ਬਣੀ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਉਦਘਾਟਨ ਮੌਕੇ ਕੀਤਾ। ਝਬਾਲ ਰੋਡ 'ਤੇ ਬਣੇ ਡੰਪ ਨੂੰ ਹਟਾਉਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਧਿਆਨ ਵਿਚ ਰਖਦਿਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ

ਇਸ 10 ਏਕੜ ਡੰਪ 'ਤੇ ਸੈਰ ਕਰਨ ਲਈ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ, ਜਿਥੇ ਲੋਕ ਸੈਰ ਕਰ ਕੇ ਅਪਣੀ ਸਿਹਤ  ਕਾਇਮ ਰੱਖ ਸਕਣਗੇ। ਪਿੰਡ ਫ਼ਤਾਹਪੁਰ ਨੂੰ ਸ਼ਹਿਰ ਤੋਂ ਵੀ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਦੀਆਂ ਗਲੀਆਂ-ਨਾਲੀਆਂ ਤੇ ਸੀਵਰੇਜ ਦਾ ਕੰਮ ਛੇਤੀ ਪੂਰਾ ਕੀਤਾ ਜਾਵੇਗਾ। ਪਿੰਡ ਫ਼ਤਾਹਪੁਰ ਦੇ ਹਾਈ ਸਕੂਲ ਨੂੰ ਜਲਦੀ ਹੀ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿਤਾ ਜਾਵੇਗਾ ਅਤੇ ਅਧਿਆਪਕਾਂ ਦੀ ਕਮੀ ਪੂਰੀ ਕੀਤੀ ਜਾਵੇਗੀ, ਤਾਂ ਜੋ ਪਿੰਡ ਦੇ ਬੱਚਿਆਂ ਨੂੰ ਪੜ੍ਹਨ ਲਈ ਦੂਰ ਨਾ ਜਾਣਾ ਪਵੇ।  ਉਨ੍ਹਾਂ ਸਰਕਾਰੀ ਹਸਪਤਾਲ ਦੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਸਪਤਾਲ ਕਲ ਤੋਂ ਅਪਣਾ ਕੰਮ ਸ਼ੁਰੂ ਕਰ ਦੇਵੇਗਾ

ਜਿਥੇ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਦੇ ਨਾਲ-ਨਾਲ ਦਵਾਈਆਂ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿਖਿਆ ਮੰਤਰੀ ਨੇ ਦਸਿਆ ਕਿ ਜਲਦੀ ਹੀ ਝਬਾਲ ਰੋਡ 'ਤੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ  ਹਾਜ਼ਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਫ਼ਤਾਹਪੁਰ ਵਿਖੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਨੂੰ ਤੁਰਤ ਠੀਕ ਕਰਨ। ਸ੍ਰੀ ਸੋਨੀ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ

ਕਿ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਪਿੰਡ ਫ਼ਤਾਹਪੁਰ ਵਿਖੇ ਦੋ ਨਵੇਂ ਟਰਾਂਸਫ਼ਾਰਮਰ ਲਗਾਏ ਜਾਣ। ਸ੍ਰੀ ਸੋਨੀ ਵਲੋਂ ਪਿੰਡ ਫ਼ਤਾਹਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ  ਗਈਆਂ ਅਤੇ ਉਥੇ ਹਾਜ਼ਰ ਅਧਿਕਾਰੀਆਂ ਨੂੰ ਤੁਰਤ ਹੀ ਹੱਲ ਕਰਨ ਦੇ ਨਿਰਦੇਸ਼ ਦਿਤੇ। ਇਸ ਮੌਕੇ ਸ੍ਰੀ ਸੋਨੀ ਨੇ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਟੀ.ਬੀ. ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।