ਕੈਪਟਨ ਸਰਕਾਰ ਪ੍ਰਾਈਵੇਟ ਸੈਕਟਰ 'ਚ 2 ਲੱਖ ਤੋਂ ਵੱਧ ਨੌਕਰੀਆਂ ਦੇਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖ਼ਬਰ

Job Fair

ਚੰਡੀਗੜ੍ਹ : ਸੂਬੇ ਵਿਚ ਅਗਲੇ ਮਹੀਨੇ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ਰੁਜ਼ਗਾਰ ਮੇਲਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਮੁੱਖ ‘ਘਰ ਘਰ ਰੋਜ਼ਗਾਰ’ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲੇਗਾ। ਇਨ੍ਹਾਂ ਮੇਲਿਆਂ ਤੋਂ ਬਾਅਦ ਇਕ ਵਿਸ਼ਾਲ ਰੁਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਮੁੱਖ ਮੰਤਰੀ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੇ ਹੱਥੀਂ ਨਿਯੁਕਤੀ ਪੱਤਰ ਸੌਂਪਣਗੇ। 

ਇਕ ਸਰਕਾਰੀ ਬੁਲਾਰੇ ਮੁਤਾਬਕ 5 ਅਕਤੂਬਰ ਨੂੰ ਰੋਪੜ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਰੋਜ਼ਗਾਰ ਮੇਲੇ ਦੌਰਾਨ ਮੁੱਖ ਮੰਤਰੀ ਨਿਯੁਕਤੀ ਪੱਤਰ ਸੌਂਪਣਗੇ ਜਦਕਿ ਇਸ ਤੋਂ ਪਹਿਲਾਂ ਸੂਬਾ ਭਰ ਵਿਚ 9 ਤੋਂ 30 ਸਤੰਬਰ ਤਕ 75 ਥਾਵਾਂ 'ਤੇ ਰੁਜ਼ਗਾਰ ਮੇਲੇ ਲਾਏ ਜਾਣਗੇ ਜਿਥੇ ਪ੍ਰਾਈਵੇਟ ਸੈਕਟਰ ਵਿਚ 2 ਲੱਖ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। 

ਰੁਜ਼ਗਾਰ ਉਤਪਤੀ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਵੱਖ-ਵੱਖ ਸੈਕਟਰਾਂ ਵਿਚ ਰੁਜ਼ਗਾਰ ਦੇ 2 ਲੱਖ ਤੋਂ ਵੱਧ ਮੌਕਿਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਨੂੰ ਛੇਤੀ ਹੀ ਵਿਭਾਗ ਦੀ ਸਰਕਾਰੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਬੇਰੁਜ਼ਗਾਰ ਨੌਜਵਾਨ ਅਰਜ਼ੀ ਪ੍ਰਿਆ ਅਤੇ ਹੋਰ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਇਸ ਵੈਬਸਾਈਟ 'ਤੇ ਲੌਗ ਆਨ ਕਰ ਸਕਦੇ ਹਨ। ਇਕੱਲੇ ਲੁਧਿਆਣਾ ਜ਼ਿਲ੍ਹੇ ਵਿਚ 45 ਹਜ਼ਾਰ ਤੋਂ ਵੱਧ ਰੁਜ਼ਗਾਰ ਦੇ ਮੌਕਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਦਕਿ ਬਠਿੰਡਾ ਵਿਚ 13,558 ਅਤੇ ਜਲੰਧਰ, ਮੋਹਾਲੀ, ਪਟਿਆਲਾ ਅਤੇ ਅੰਮਿ੍ਰਤਸਰ ਜ਼ਿਲੇ ਵਿਚ 12-12 ਹਜ਼ਾਰ ਨੌਕਰੀਆਂ ਦੀ ਸ਼ਨਾਖਤ ਕੀਤੀ ਗਈ ਹੈ। 

ਰੁਜ਼ਗਾਰ ਉਤਪਤੀ ਵਿਭਾਗ ਵਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਧਾਰ ’ਤੇ ਅਸਾਮੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਨੇ ਖਾਲੀ ਅਸਾਮੀਆਂ ਦੀ ਗਿਣਤੀ ਅਤੇ ਯੋਗਤਾ ਨਾਲ ਸਬੰਧਤ ਸੂਚਨਾ ਦਾ ਪਤਾ ਲਾਉਣ ਲਈ ਸਨਅਤੀ ਅਤੇ ਵਪਾਰਕ ਘਰਾਣਿਆਂ, ਪ੍ਰਾਈਵੇਟ ਕੰਪਨੀਆਂ, ਮਾਲਜ਼ ਅਤੇ ਸਥਾਨਕ ਪੱਧਰ 'ਤੇ ਰੁਜ਼ਗਾਰ ਦੇਣ ਵਾਲਿਆਂ ਨਾਲ ਲੰਮੀ ਚੌੜੀ ਵਿਚਾਰ-ਚਰਚਾ ਕੀਤੀ।

ਇਹ ਕਦਮ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਚੁੱਕੇ ਗਏ ਹਨ, ਜਿਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਪੰਜਾਬ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਆਪਣੇ ਯਤਨਾਂ ’ਚ ਤਾਲਮੇਲ ਬਿਠਾਉਣ ਲਈ ਆਖਿਆ। ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਸਹੂਲਤ ਲਈ ਨੌਕਰੀਆਂ ਅਤੇ ਉਨਾਂ ਆਪਣੇ ਪੱਧਰ ’ਤੇ ਕਾਰੋਬਾਰ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ। 

ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਿਸ ਨੇ 9 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਵੈ ਜਾਂ ਤਨਖਾਹ ’ਤੇ ਰੁਜ਼ਗਾਰ (1000 ਰੋਜ਼ਗਾਰ ਪ੍ਰਤੀ ਦਿਨ ਤੋਂ ਵੱਧ ਦੀ ਦਰ ’ਤੇ) ਮੁਹੱਈਆ ਕਰਵਾਉਣ ਵਿਚ ਸਹੂਲਤ ਪ੍ਰਦਾਨ ਕੀਤੀ ਅਤੇ ਵਿਭਾਗ ਨੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਉੱਦਮ ਲਈ ਕਰਜ਼ਾ ਮੁਹੱਈਆ ਕਰਵਾਉਣ ਵਾਸਤੇ ਵੀ ਬੈਂਕਾਂ ਨਾਲ ਤਾਲਮੇਲ ਕੀਤਾ। ਰੁਜ਼ਗਾਰ ਦੇ ਚਾਹਵਾਨਾਂ ਲਈ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਰੁਜ਼ਗਾਰ ਤੇ ਉਦਯੋਗ ਬਿਊਰੋ ਨੋਡਲ ਸੈਂਟਰਾਂ ਵਜੋਂ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ ਫ਼ਰਵਰੀ 2019 ਵਿਚ ਸੂਬਾ ਭਰ ’ਚ ਵੱਖ-ਵੱਖ ਥਾਈਂ ਰੁਜ਼ਗਾਰ ਮੇਲਿਆਂ ਦੌਰਾਨ ਪ੍ਰਾਈਵੇਟ ਸੈਕਟਰ ਵਿਚ ਨੌਜਵਾਨਾਂ ਨੂੰ 55 ਹਜ਼ਾਰ ਦੇ ਲਗਭਗ ਨੌਕਰੀਆਂ ਦਿੱਤੀਆਂ ਗਈਆਂ ਸਨ।