ਨਾਮਜ਼ਦਗੀ ਦੌਰਾਨ ਅਕਾਲੀ ਤੇ ਕਾਂਗਰਸ ਦੀ ਝੜਪ ਦੌਰਾਨ ਚੱਲੀ ਗੋਲੀ, ਇਕ ਕਾਂਗਰਸੀ ਦੇ ਪੱਟ 'ਚ ਲੱਗੀ
ਹਲਕਾ ਧਰਮਕੋਟ ਵਿਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਕਾਗ਼ਜ਼ ਭਰਨ ਦਾ ਅੱਜ ਆਖੀਰੀ ਦਿਨ ਅਕਾਲੀ ਦਲ.............
ਧਰਮਕੋਟ : ਹਲਕਾ ਧਰਮਕੋਟ ਵਿਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਕਾਗ਼ਜ਼ ਭਰਨ ਦਾ ਅੱਜ ਆਖੀਰੀ ਦਿਨ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ ਕਰਨੇ ਸਨ। ਇਸੇ ਦੌਰਾਨ ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚ ਝੜਪ ਹੋਈ ਤੇ ਅਕਾਲੀ ਵਰਕਰ ਵਲੋਂ ਗੋਲੀ ਚਲਾਈ ਗਈ ਜਿਸ ਨਾਲ ਕਾਂਗਰਸੀ ਵਰਕਰ ਸਿਮਰਨਜੀਤ ਸਿੰਘ ਸਨੀ ਪੁੱਤਰ ਗੁਰਦੇਵ ਸਿੰਘ ਵਾਸੀ ਦਾਤੇ ਵਾਲਾ ਦੇ ਪਟ 'ਚ ਗੋਲੀ ਲੱਗੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਚ ਲਿਆਂਦਾ ਗਿਆ ਜਿਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿਤਾ ਗਿਆ।
ਇਸ ਤੋਂ ਨਾਰਾਜ਼ ਕਾਂਗਰਸੀ ਆਗੂਆਂ ਨੇ ਕਚਹਿਰੀ ਦੇ ਦਰਵਾਜ਼ੇ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਅਕਾਲੀ ਦਲ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ ਤੇ ਗੋਲੀ ਚਲਾਉਣ ਵਾਲੇ ਅਕਾਲੀ ਆਗੂ 'ਤੇ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਕਾਂਗਰਸੀਆਂ ਦੀ ਮੰਗ ਸੀ ਕਿ ਜਿਨ੍ਹੀ ਦੇਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੇ ਅਸੀ ਉਨ੍ਹਾਂ ਨੂੰ ਕਾਗ਼ਜ਼ ਦਾਖ਼ਲ ਨਹੀਂ ਹੋਣ ਦੇਣੇ। ਦੇਖ਼ਦੇ ਹੀ ਦੇਖ਼ਦੇ ਕਚਹਿਰੀ ਪੁਲਿਸ ਛਾਉਣੀ 'ਚ ਤਬਦੀਲ ਹੋ ਗਈ।
ਘਟਨਾ ਦੀ ਸੂਚਨਾ ਮਿਲਣ 'ਤੇ ਮੋਗਾ ਦੇ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਤੇ ਐਸ.ਐਸ.ਪੀ. ਗੁਰਪੀ੍ਰਤ ਸਿੰਘ ਤੂਰ ਮੌਕੇ 'ਤੇ ਪਹੁੰਚੇ ਤੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿਤਾ। ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਕਾਗ਼ਜ਼ ਭਰਨ ਵਾਲਿਆਂ ਨੂੰ ਨਾ ਰੋਕਣ ਲਈ ਕਿਹਾ ਪਰ ਨਾਰਾਜ਼ ਕਾਂਗਰਸੀਆਂ ਦੀ ਮੰਗ ਸੀ ਕਿ ਦੋਸ਼ੀ ਨੂੰ ਗ੍ਰਿ੍ਰਫ਼ਤਾਰ ਕੀਤਾ ਜਾਵੇ। ਧਰਨਾਕਾਰੀਆਂ ਨੂੰ ਖ਼ਦੇੜਨ ਲਈ ਫਿਰ ਪੁਲਿਸ ਇਕਦਮ ਹਰਕਤ 'ਚ ਆ ਗਈ ਤੇ ਕਾਂਗਰਸੀ ਵਰਕਰਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਦੌਰਾਨ ਅਕਾਲੀ ਦੇ ਉਮੀਦਵਾਰਾਂ ਦੀਆਂ ਗੱਡੀਆਂ ਅੰਦਰ ਲਿਜਾ ਕੇ ਕਾਗ਼ਜ਼ ਦਾਖ਼ਲ ਕੀਤੇ ਗਏ।