ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜੀਠੀਆ ਤੇ ਬਾਦਲਾਂ ਵਿਰੁੱਧ ਕਾਰਵਾਈ ਲਈ ਕੈਪਟਨ ਸਰਕਾਰ ਦੀਆਂ ਲੱਤਾਂ ਕਿਉਂ ਭਾਰ ਨਹੀਂ ਝੱਲਦੀਆਂ-ਸੰਧਵਾਂ, ਪ੍ਰੋ. ਬਲਜਿੰਦਰ ਕੌਰ

AAP

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਪੁਲਸ ਵੱਲੋਂ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਗ੍ਰਿਫ਼ਤਾਰੀ ਲਈ ਦਿਖਾਈ ਗਈ ਫੁਰਤੀ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਇੰਨੀ ਫੁਰਤੀ ਆਮ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਸ਼ਿਕਾਇਤਾਂ 'ਤੇ ਦਿਖਾਵੇ ਤਾਂ ਲੱਖਾਂ ਆਮ ਲੋਕਾਂ ਨੂੰ ਦਰ-ਦਰ ਭਟਕਣ ਦੀ ਜ਼ਰੂਰਤ ਨਾ ਪਵੇ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਬੁਲਾਰੇ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਥੇਦਾਰ ਭੌਰ ਨੇ ਆਪਣੇ ਕੋਲੋਂ ਅਨਜਾਣੇ ਹੋਈ ਗ਼ਲਤੀ ਸੰਬੰਧਿਤ ਸਮਾਜ ਕੋਲੋਂ ਮੁਆਫ਼ੀ ਮੰਗ ਲਈ ਹੈ,

ਪਰੰਤੂ ਅਕਾਲੀ ਦਲ ਦੀ ਸਹਿ 'ਤੇ ਸਰਕਾਰ ਨੇ ਜਥੇਦਾਰ ਭੌਰ 'ਤੇ ਮਾਮਲਾ ਦਰਜ ਕਰਨ ਦੀ ਬੇਲੋੜੀ ਤੇਜ਼ੀ ਦਿਖਾਈ, ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਕੈਪਟਨ ਸਰਕਾਰ ਨੂੰ ਸ਼ਰੇਆਮ ਲਲਕਾਰ ਰਿਹਾ ਹੈ ਕਿ ਜੇਕਰ ਸਰਕਾਰ ਦੀਆਂ ਟੰਗਾਂ ਭਾਰ ਝੱਲਦੀਆਂ ਹਨ ਤਾਂ ਉਨ੍ਹਾਂ ਉੱਤੇ ਕਾਰਵਾਈ ਕਰਨ ਹਿੰਮਤ ਦਿਖਾਉਣ। 'ਆਪ' ਆਗੂਆਂ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂਆਂ 'ਤੇ ਪੰਜਾਬ ਪੁਲਸ ਹੈਰਾਨੀਜਨਕ ਤੇਜ਼ੀ ਨਾਲ ਕਾਰਵਾਈ ਕਰਦੀ ਹੈ।

ਜਥੇਦਾਰ ਭੌਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਮਾਮਲੇ 'ਚ ਜਥੇਦਾਰ ਭੌਰ ਦੀ ਕਰੀਬੀ ਰਿਸ਼ਤੇਦਾਰ ਦੇ ਸੰਸਕਾਰ ਦੌਰਾਨ ਗ੍ਰਿਫ਼ਤਾਰੀ ਲਈ ਵਰਤਿਆ ਤਰੀਕਾ ਨਿਖੇਧੀਜਨਕ ਹੈ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਥੇਦਾਰ ਸੁਖਦੇਵ ਸਿੰਘ ਭੌਰ ਉੱਤੇ ਦਰਜ ਮਾਮਲਾ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ, ਕਿਉਂਕਿ ਜਥੇਦਾਰ ਭੌਰ ਨੇ ਜਾਣੇ-ਅਨਜਾਣੇ ਹੋਈ ਗ਼ਲਤੀ ਸੰਬੰਧੀ ਜਥੇਦਾਰ ਭੌਰ ਨੇ ਸੰਬੰਧਿਤ ਸਮਾਜ ਕੋਲੋਂ ਮੁਆਫ਼ੀ ਮੰਗ ਲਈ ਹੈ, ਪਰੰਤੂ ਇੱਕ ਅਕਾਲੀ ਵਿਧਾਇਕ ਵੱਲੋਂ ਸਾਜ਼ਿਸ਼ ਤਹਿਤ ਤੂਲ ਦਿੱਤੀ ਜਾ ਰਹੀ ਹੈ,

ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਦਲਾਂ ਨਾਲ ਮਿਲ ਕੇ ਬਾਦਲਾਂ ਨੂੰ ਬਚਾਉਣ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਆਮ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਧਰਮਾਂ, ਵਰਗਾਂ, ਜਾਤਾਂ ਅਤੇ ਸੰਪਰਦਾਵਾਂ ਦਾ ਸਤਿਕਾਰ ਅਤੇ ਸਨਮਾਨ ਕਰਦੀ ਹੈ, ਪਰੰਤੂ ਧਰਮ, ਜਾਤ ਅਤੇ ਫ਼ਿਰਕਾਪ੍ਰਸਤੀ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦੀ ।

ਇਹੀ ਕਾਰਨ ਹੈ ਗ਼ਲਤੀ ਦਾ ਅਹਿਸਾਸ ਹੁੰਦਿਆਂ ਹੀ ਜਥੇਦਾਰ ਭੌਰ ਨੇ ਸੰਬੰਧਿਤ ਸਮਾਜ ਤੋਂ ਤੁਰੰਤ ਮੁਆਫ਼ੀ ਮੰਗ ਲਈ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਰੇ ਧਾਰਮਿਕ ਗ੍ਰੰਥਾਂ ਅਤੇ ਗੁਰੂਆਂ ਨੇ ਗ਼ਲਤੀ ਦੀ ਖਿਮਾ ਜਾਚਣਾ ਕਰਨ ਅਤੇ ਮੁਆਫ਼ੀ ਮੰਗਣ ਵਾਲੇ ਪ੍ਰਾਣੀ ਨੂੰ ਦਿਲੋਂ ਮੁਆਫ਼ ਕਰਨ ਦੇ ਉਪਦੇਸ਼ ਦਿੱਤੇ ਹਨ।