ਸਰਬੱਤ ਫਾਊਂਡੇਸ਼ਨ ਨੇ ਜਲੰਧਰ 'ਚ ਕੂੜੇ ਅਤੇ ਟੁੱਟੀਆਂ ਸੜਕਾਂ ਦਾ ਫੂਕਿਆ ਰਾਵਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ‘ਚ ਟੁੱਟੀਆਂ ਸੜਕਾਂ ‘ਤੇ ਖਿਲਰੇ ਕੂੜੇ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦੇ ਦੁੱਖ...

Ravan burn

ਜਲੰਧਰ: ਜਲੰਧਰ ‘ਚ ਟੁੱਟੀਆਂ ਸੜਕਾਂ ‘ਤੇ ਖਿਲਰੇ ਕੂੜੇ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦੇ ਦੁੱਖ ਨੂੰ ਸਮਝਦਿਆਂ ਸਰਬੱਤ ਫਾਉਂਡੇਸ਼ਨ ਨੇ ਕੂੜੇ ਦਾ ਰਾਵਣ ਫੂਕਿਆ। ਅੱਜ ਦੁਸ਼ਹਿਰੇ ਦੇ ਮੌਕੇ ਤੇ ਜਿੱਥੇ ਸ਼ਹਿਰ ਵਿਚ ਸੈਂਕੜੇ ਥਾਵਾਂ ‘ਤੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ ਅਤੇ ਉਥੇ ਹੀ ਜਲੰਧਰ ਦੇ ਵਰਕਸ਼ਾਪ ਚੌਂਕ ਵਿਚ ਸਰਬੱਤ ਫਾਊਂਡੇਸ਼ਨ ਵੱਲੋਂ ਕੂੜੇ ਦਾ ਰਾਵਣ ਫੂਕਿਆ ਗਿਆ।

ਫਾਊਂਡੇਸ਼ਨ ਨੇ 10 ਫੁੱਟ ਉੱਚਾ ਰਾਵਣ ਦਾ ਕੂੜੇ ਨਾਲ ਭਰਿਆ ਪੁਤਲਾ ਫੂਕਿਆ। ਪੁਤਲੇ ਦੇ ਨਾਲ-ਨਾਲ ਸੰਸਥਾ ਨੇ ਕਈ ਬੈਨਰ ਵੀ ਲਗਾਏ ਹੋਏ ਸਨ ਜਿੰਨ੍ਹਾਂ ‘ਤੇ ਸ਼ਹਿਰ ਵਿਚ ਵੱਖ-ਵੱਖ ਥਾਂਵਾਂ ‘ਤੇ ਖਿਲਰੇ ਕੂੜੇ ਦੀਆਂ ਤਸਵੀਰਾਂ ਤੇ ਟੁੱਟੀਆਂ ਸੜਕਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸਰਬੱਤ ਫਾਊਡੇਸ਼ਨ ਦੇ ਕੋਆਰਡੀਨੇਟਰ ਰਛਪਾਲ ਸਿੰਘ ਸਾਬੀ ਨੇ ਦੱਸਿਆ ਕਿ ਜਲੰਧਰ ਵਿਚ ਥਾਂ-ਥਾਂ ਗੰਦਗੀ ਦੇ ਢੇਰ ਖਿਲਰੇ ਪਏ ਹਨ ਅਤੇ ਨਗਰ ਨਿਗਮ ਉਸ ਨੂੰ ਚੁੱਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ।

ਉਨ੍ਹਾਂ ਕਿਹਾ ਕਿ ਨਿਗਮ ਨੂੰ ਕੁੰਭਕਰਨੀ ਨੀਂਦ ‘ਚੋਂ ਜਗਾਉਣ ਲਈ ਅੱਜ ਉਨ੍ਹਾਂ ਨੇ ਕੂੜੇ ਦਾ ਰਾਵਣ ਫੂਕਿਆ ਹੈ। ਉਨ੍ਹਾਂ ਕਿਹਾ ਕਿ ਜੇ ਨਿਗਮ ਨੇ ਹੁਣ ਵੀ ਸ਼ਹਿਰ ਦੀ ਸਾਫ਼ ਸਫ਼ਾਈ ਰੱਖਣ ਵੱਲ ਲੋੜੀਂਦੇ ਕਦਮ ਨਾ ਚੁੱਕੇ ਤਾਂ ਮਜਬੂਰਨ ਉਨ੍ਹਾਂ ਨੂੰ ਇਹ ਕੰਮ ਆਪ ਕਰਨਾ ਪਵੇਗਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਹਿੰਮਾਸ਼ੂ ਪਾਠਕ ਨੇ ਕਿਹਾ ਕਿ ਕੂੜੇ ਦਾ ਰਾਵਣ ਫੂਕ ਉਹ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚੋਂ ਗੰਦਗੀ, ਖਿਲਰੇ ਕੂੜੇ ਤੇ ਟੁਟੀਆਂ ਸੜਕਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਮਿਲੇਗੀ। ਇਸ ਮੌਕੇ ਅਜੇ ਕੁਮਾਰ, ਸੰਨੀ, ਕਮਲ ਸ਼ਰਮਾ ਆਦਿ ਮੌਜੂਦ ਸਨ।