ਬਾਦਲਾਂ ਦਾ ਮੁਆਫ਼ੀਨਾਮਾ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਦੇ ਆਗੂਆਂ ਦੀ ਧਰਮ ਦੇ ਨਾਂ 'ਤੇ ਸਿਆਸੀ...

Captain Amarinder Singh

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਦੇ ਆਗੂਆਂ ਦੀ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ ਕਰਨ ਲਈ ਖਿੱਲੀ ਉਡਾਈ ਹੈ ਅਤੇ ਅਪਣੇ ਪਿਛਲੇ 10 ਸਾਲ ਦੇ ਕੁਸ਼ਾਸ਼ਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਚੁਣੌਤੀ ਦਿਤੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਬਾਦਲ ਪਰਵਾਰ ਅਤੇ ਹੋਰਾਂ ਆਗੂਆਂ ਤੇ ਵਿਧਾਇਕਾਂ ਵਲੋਂ ਜਨਤਕ ਹਿਮਾਇਤ ਹਾਸਲ ਕਰਨ ਵਾਸਤੇ ਧਰਮ ਦੀ ਦੁਵਰਤੋਂ ਕਰਨ ਲਈ ਤਿੱਖੀ ਆਲੋਚਨਾ ਕੀਤੀ ਹੈ

ਕਿਉਂਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਅਪਣਾ ਜਨਤਕ ਸਮਰਥਨ ਪੂਰੀ ਤਰ੍ਹਾਂ ਗਵਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਨ ਵਿਚ ਅਸਫ਼ਲ ਰਹਿਣ 'ਤੇ ਦੁੱਖ ਪ੍ਰਗਟ ਕੀਤਾ ਹੈ ਜਦੋਂ ਕਿ ਉਹ ਮੁਆਫ਼ੀ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬਾਦਲ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੇ ਅਪਣੇ ਕਾਰਜਕਾਲ ਦੌਰਾਨ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ

ਪਰ ਅਜੇ ਉਨ੍ਹਾਂ ਨੇ ਇਨ੍ਹਾਂ ਗ਼ਲਤੀਆਂ ਲਈ ਮੁਆਫ਼ੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਅਪਣੇ ਸਿਆਸੀ ਹਿੱਤਾਂ ਦੇ ਵਾਸਤੇ ਧਰਮ ਦੀ ਓਟ ਲੈਣ ਲਈ ਤਿੱਖੀ ਅਲੋਚਨਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲਾਂ ਦੀਆਂ ਨਜ਼ਰਾਂ ਆਉਂਦੀਆਂ ਲੋਕ ਸਭਾ ਚੋਣਾਂ 'ਤੇ ਹੈ ਅਤੇ ਇਸ ਮਕਸਦ ਲਈ ਮੁਆਫ਼ੀ ਦਾ ਡਰਾਮਾ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਹ ਅਪਣੀ ਮੁਆਫ਼ੀ ਪ੍ਰਤੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਅਪਣੇ ਕੀਤੇ ਕੁਕਰਮਾਂ ਨੂੰ ਪ੍ਰਵਾਨ ਕਰਨ ਲਈ ਹੌਂਸਲਾ ਦਿਖਾਉਣਾ ਚਾਹੀਦਾ ਹੈ। 

ਮੁੱਖ ਮੰਤਰੀ ਨੇ ਅਕਾਲੀ ਆਗੂਆਂ ਦੀ ਕਥਿਤ ਮਾਫ਼ੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਫ਼ੀ ਉਸ ਸਮੇਂ ਮੰਗੀ ਜਾ ਰਹੀ ਹੈ ਜਦੋਂ ਉਹ ਵੱਖ-ਵੱਖ ਗੰਭੀਰ ਅਤੇ ਨਾਜ਼ੁਕ ਮੁੱਦਿਆਂ ਦੇ ਸਬੰਧ ਵਿਚ ਆਲੋਚਨਾ ਦੇ ਕੇਂਦਰ ਵਿਚ ਹਨ ਜਿਨ੍ਹਾਂ ਵਿਚ ਬੇਅਦਬੀ ਅਤੇ 2015 ਦੀ ਪੁਲਿਸ ਗੋਲੀਬਾਰੀ ਦੀ ਘਟਨਾ ਦਾ ਮਾਮਲਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 2007 ਵਿਚ ਧਾਰਮਿਕ ਬੇਅਦਬੀ ਦੇ ਮਾਮਲੇ ਵਿਚ ਮੁਆਫ਼ੀ ਦੇਣ ਦਾ ਮੁੱਦਾ ਵੀ ਸ਼ਾਮਲ ਹੈ। 

ਅਪਣੀ ਪਾਰਟੀ ਦੇ ਉਨ੍ਹਾਂ ਸੀਨੀਅਰ ਆਗੂਆਂ ਦੀ ਆਲੋਚਨਾ ਦੇ ਸ਼ਿਕਾਰ ਬਾਦਲਾਂ ਦੀ ਮੁੱਖ ਮੰਤਰੀ ਨੇ ਤਿੱਖੀ ਆਲੋਚਨਾ ਕੀਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਲ ਹੀ ਵਿਚ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿਤਾ ਹੈ। ਅਕਾਲੀ ਦਲ ਵਿਚ ਤਿੱਖੀ ਦੋ-ਫਾੜ ਅਤੇ ਇਸ ਦੇ ਪੰਜਾਬ ਦੇ ਲੋਕਾਂ ਤੋਂ ਪੂਰੀ ਤਰ੍ਹਾਂ ਨਿਖੜ ਜਾਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਹੁਣ ਇਕ ਵਾਰ ਫੇਰ ਅਪਣੇ ਖੁਸੇ ਹੋਏ ਆਧਾਰ ਨੂੰ ਪ੍ਰਾਪਤ ਕਰਨ ਲਈ ਨਿਰਾਸ਼ਾ ਵਿਚ ਸਿਆਸੀ ਖੇਡਾਂ ਖੇਡ ਰਹੇ ਹਨ।

ਉਨ੍ਹਾਂ ਵਲੋਂ ਇਹ ਕੋਸ਼ਿਸ਼ਾਂ ਸੰਸਦੀ ਚੋਣਾਂ ਵਿਚ ਕੇਵਲ ਛੇ ਮਹੀਨੇ ਰਹਿ ਜਾਣ ਤੋਂ ਪਹਿਲਾਂ ਅਪਣਾ ਸਿਆਸੀ ਆਧਾਰ ਕਾਇਮ ਕਰਨ ਵਾਸਤੇ ਖੇਡੀਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਪੰਜਾਬ ਦੇ ਲੋਕਾਂ ਪ੍ਰਤੀ ਰੱਤੀ ਭਰ ਵੀ ਸੰਜੀਦਾ ਹਨ ਤਾਂ ਉਹ ਖੁਲ੍ਹੇ ਰੂਪ ਵਿਚ ਅਪਣੀਆਂ ਗ਼ਲਤੀਆਂ ਨੂੰ ਪ੍ਰਵਾਨ ਕਰਨ।

Related Stories