ਦਾੜ੍ਹੀ ਖੋਲ੍ਹ ਖ਼ਿਮਾ ਯਾਚਨਾ ਲਈ ਦਰਬਾਰ ਸਾਹਿਬ ਪੁੱਜੇ ਸੁਖਬੀਰ ਤੇ ਹੋਰ ਅਕਾਲੀ, ਜੋੜੇ ਵੀ ਕੀਤੇ ਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਪਣੇ ਰਿਸ਼ਤੇਦਾਰ...

Badal's

ਅੰਮ੍ਰਿਤਸਰ (ਭਾਸ਼ਾ) : ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਪਣੇ ਰਿਸ਼ਤੇਦਾਰ ਬਿਕਰਮ ਮਜੀਠੀਆ ਅਤੇ ਹੋਰ ਕਈ ਆਗੂਆਂ ਨਾਲ ਅਪਣੀ ਸਰਕਾਰ ਵੇਲੇ ਹੋਈਆਂ ਭੁੱਲਾਂ ਚੁੱਕਾਂ ਲਈ ਖ਼ਿਮਾ ਯਾਚਨਾ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇਇਸ ਮੌਕੇ ਸੁਖਬੀਰ ਬਾਦਲ ਅਤੇ ਮਜੀਠੀਆ ਦੋਵਾਂ ਨੇ ਅਪਣੀਆਂ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ। ਜਦੋਂ ਮੀਡੀਆ ਨੇ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੇ ਤਾਂ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਮੀਡੀਆ ਨੂੰ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ।

ਕੁੱਝ ਸਮੇਂ ਮਗਰੋਂ ਸੁਖਬੀਰ ਬਾਦਲ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਉਥੇ ਪਹੁੰਚ ਗਏ। ਭੁੱਲ ਬਖਸ਼ਾਉਣ ਦੇ ਇਸ ਮੰਤਵ ਨਾਲ ਅਕਾਲੀ ਦਲ ਕੋਰ ਕਮੇਟੀ, ਵਰਕਿੰਗ ਕਮੇਟੀ, ਵਿਧਾਇਕ, ਹਲਕਾ ਇੰਚਾਰਜ਼, ਜ਼ਿਲ੍ਹਾ ਤੇ ਸਰਕਲ ਪ੍ਰਧਾਨ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ। ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਦੌਰਾਨ ਅਪਣੇ ਮੁਆਫ਼ੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦਾ ਫ਼ੈਸਲਾ ਕੀਤਾ ਸੀ। ਇਸੇ ਤਹਿਤ ਪਾਰਟੀ ਦਫ਼ਤਰ ਵਲੋਂ ਜਾਰੀ ਕੀਤੇ ਮਤਿਆਂ 'ਚ ਇਸ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਖ਼ਬਰ ਮੀਡੀਆ ਤਕ ਪਹੁੰਚ ਗਈ।

ਪਾਰਟੀ ਸੂਤਰਾਂ ਮੁਤਾਬਕ ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੇ 10 ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕੰਮ ਹੋਏ, ਜਿਨ੍ਹਾਂ ਕਾਰਨ ਸੂਬੇ ਦੇ ਲੋਕ ਅਤੇ ਸਿੱਖ ਭਾਈਚਾਰਾ ਪਾਰਟੀ ਤੋਂ ਕਾਫ਼ੀ ਨਾਰਾਜ਼ ਅਤੇ ਨਿਰਾਸ਼ ਹਨ। ਖ਼ਾਸ ਕਰਕੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ, ਬੇਅਦਬੀਆਂ ਦੇ ਦੋਸ਼ੀਆਂ ਦੇ ਤਾਰ ਡੇਰਾ ਸਿਰਸਾ ਨਾਲ ਜੁੜਨ ਤੇ ਡੇਰਾ ਮੁਖੀ ਨੂੰ ਮਿਲੀ ਮੁਆਫ਼ੀ ਕਾਰਨ ਅਕਾਲੀ ਦਲ ਦੇ ਅਕਸ਼ ਨੂੰ ਵੱਡੀ ਢਾਅ ਲੱਗੀ ਹੈ। ਜਿਸ ਕਾਰਨ ਪਾਰਟੀ ਦੇ ਸਿੱਖ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਿਆ ਹੈ।

ਜਿਸ ਨੂੰ ਸਮੇਟਣ ਲਈ ਹੀ ਭੁੱਲਾਂ ਬਖਸ਼ਾਉਣ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਹਨ। ਅਕਾਲੀ ਆਗੂਆਂ ਵਲੋਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਨੂੰ ਲੈ ਕੇ ਇਹ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਕੀ ਅਕਾਲੀ ਦਲ ਨੇ ਅਪਣੇ ਗੁਨਾਹਾਂ ਨੂੰ ਕਬੂਲ ਕਰ ਲਿਆ ਹੈ? ਜਿਸ ਦੀ ਉਹ ਮੁਆਫ਼ੀ ਮੰਗ ਰਹੇ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਸਵਾਲਾਂ ਦਾ ਦੌਰ ਵੀ ਗਰਮਾਇਆ ਹੋਇਐ।