ਸੁਖਬੀਰ ਕੋਲੋਂ ਪੌਣਾ ਘੰਟਾ ਪੁੱਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹੁਤੇ ਸਵਾਲਾਂ ਦੇ ਜਵਾਬ ਵਿਚ ਕਿਹਾ - 'ਮੈਂ ਪੰਜਾਬ 'ਚ ਹੀ ਨਹੀਂ ਸੀ'

Talking to the media, Sukhbir Singh Badal

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਬਾਣੀ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਕੋਲ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪੇਸ਼ ਹੋਏ। ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਸੁਖਬੀਰ ਕੋਲੋਂ ਕਰੀਬ ਅੱਧਾ-ਪੌਣਾ ਘੰਟਾ ਪੁੱਛ-ਪੜਤਾਲ ਕੀਤੀ ਗਈ। ਜਾਂਚ ਟੀਮ ਦੀ ਮਰਿਆਦਾ ਨੂੰ ਵੇਖਦਿਆਂ ਟੀਮ ਅਧਿਕਾਰੀਆਂ ਨੇ ਤਾਂ ਜ਼ਾਬਤਾ ਕਾਇਮ ਰਖਿਆ ਹੋਇਆ ਹੈ ਪਰ ਸੁਖਬੀਰ ਅਪਣੇ ਸੁਭਾਅ ਮੁਤਾਬਕ ਪੁੱਛ-ਪੜਤਾਲ ਮਗਰੋਂ ਤੋਂ ਹੀ ਵੱਧ ਤੋਂ ਵੱਧ ਪ੍ਰਭਾਵ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ

ਕਿ ਉਨ੍ਹਾਂ ਵੱਡੇ ਪੁਲਿਸ ਅਫ਼ਸਰ 'ਨਿਰਉੱਤਰ' ਕਰ ਦਿਤੇ ਹਨ। ਇਹੋ ਟੀਮ ਕੁੱਝ ਦਿਨ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਉਨ੍ਹਾਂ ਦੇ ਰਿਹਾਇਸ਼ੀ ਟਿਕਾਣੇ 'ਤੇ ਪੁੱਛ-ਪੜਤਾਲ ਕਰ ਚੁੱਕੀ ਹੈ ਜਿਸ ਦੌਰਾਨ ਬਕੌਲ ਸੀਨੀਅਰ ਬਾਦਲ ਮੀਡੀਆ ਨੂੰ ਮੁਖ਼ਾਤਬ ਹੁੰਦੇ ਹੋਏ ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਸਿੱਟ ਮੈਂਬਰ ਪੁਲਿਸ ਅਧਿਕਾਰੀਆਂ ਨੂੰ 'ਪੁਰਾਣੇ ਦਿਨ' ਵੀ ਚੇਤੇ ਕਰਵਾਏ ਗਏ ਹਨ।

ਉਨ੍ਹਾਂ ਦਸਿਆ ਕਿ ਉਨ੍ਹਾਂ ਇਕ ਅਧਿਕਾਰੀ ਨੂੰ ਯਾਦ ਕਰਵਾਇਆ ਕਿ ਕਿਵੇਂ ਉਨ੍ਹਾਂ ਦੇ ਐਸਐਸਪੀ ਹੁੰਦੇ ਹੋਏ ਸਾਲ 2002 ਤੋਂ 2007 ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸਿੱਟ ਮੁਖੀ ਬਣਾ ਕੇ ਸੁਖਬੀਰ ਵਿਰੁਧ ਕੈਮਰਾ ਚੋਰੀ ਜਿਹੇ ਮਾਮਲੇ ਦੀ ਜਾਂਚ ਕਰਵਾਈ ਗਈ। ਸੁਖਬੀਰ ਨੇ ਪਿਛਲੇ ਕੁੱਝ ਦਿਨਾਂ ਤੋਂ ਅਕਾਲੀਆਂ ਦੇ ਨਿਸ਼ਾਨੇ 'ਤੇ ਬਣੇ ਹੋਏ ਇਕ ਹੋਰ ਸਿੱਟ ਮੈਂਬਰ ਨੂੰ ਪੁਛਿਆ ਕਿ 2015 'ਚ ਉਕਤ ਘਟਨਾਵਾਂ ਮੌਕੇ ਉਹ ਬਤੌਰ ਆਈਜੀ ਬਾਰਡਰ ਰੇਂਜ ਬਿਆਸ

ਤਾਇਨਾਤ ਰਹੇ ਤੇ ਕੀ ਉਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਜਾ ਕਿਸੇ ਹੋਰ ਨੇ ਕਿਹਾ ਕਿ ਗੋਲੀਆਂ ਚਲਾ ਕੇ ਬਹਿਬਲ ਕਲਾਂ ਜਾਂ ਕਿਤੇ ਹੋਣ ਗੋਲੀਆਂ ਚਲਾਉਣ ਦੇ ਹੁਕਮ ਦਿਤੇ ਗਏ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਸੁਖਬੀਰ ਨੇ ਵੀ ਬਾਅਦ ਵਿਚ ਦੁਹਰਾਇਆ ਕਿ ਸਿੱਟ ਸਿਆਸਤ ਤੋਂ ਪ੍ਰੇਰਤ ਹੈ ਅਤੇ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਕੀਤਾ ਜਾਣਾ ਹੈ।