ਪੰਜਾਬ ‘ਚ ਨੀਲਾਮੀ ਦੀ ਕਗਾਰ ‘ਤੇ ਪਹੁੰਚੇ 550 ਪ੍ਰਾਈਵੇਟ ਕਾਲਜ
ਸੂਬੇ ਦੇ ਲੱਗਭੱਗ 860 ਪ੍ਰਾਈਵੇਟ ਕਾਲਜ ਆਰਥਿਕ ਮੰਦੀ ਵਿਚ ਘਿਰ ਚੁੱਕੇ ਹਨ। ਸਟਾਫ਼ ਨੂੰ ਲੰਮੇ ਸਮੇਂ ਤੋਂ ਤਨਖ਼ਾਹ ਨਹੀਂ ਮਿਲ...
ਕਪੂਰਥਲਾ : ਸੂਬੇ ਦੇ ਲੱਗਭੱਗ 860 ਪ੍ਰਾਈਵੇਟ ਕਾਲਜ ਆਰਥਿਕ ਮੰਦੀ ਵਿਚ ਘਿਰ ਚੁੱਕੇ ਹਨ। ਸਟਾਫ਼ ਨੂੰ ਲੰਮੇ ਸਮੇਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਹੈ। ਕਾਲਜਾਂ ਦੇ ਬੈਂਕ ਖਾਤੇ ਐਨਪੀਏ ਹੋ ਗਏ ਹਨ। ਬੈਂਕ 550 ਪ੍ਰਾਇਵੇਟ ਕਾਲਜਾਂ ਦੀ ਨੀਲਾਮੀ ਸਬੰਧੀ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਲੱਗੇ ਹਨ ਪਰ ਸਰਕਾਰੀ ਨੀਤੀਆਂ ਦੇ ਚਲਦੇ ਕੋਈ ਖ਼ਰੀਦਦਾਰ ਵੀ ਸਾਹਮਣੇ ਨਹੀਂ ਆ ਰਿਹਾ ਹੈ। ਸੂਬੇ ਦੇ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਕਲ, ਪੌਲੀਟੈਕਨਿਕ, ਆਰਟਸ ਆਦਿ ਕਾਲਜਾਂ ਨੂੰ ਲੱਗਭੱਗ ਤਿੰਨ ਸਾਲ ਤੋਂ ਡਾ. ਬੀਆਰ ਅੰਬੇਦਕਰ ਵਜ਼ੀਫ਼ੇ ਦੇ 1313 ਕਰੋੜ ਰੁਪਏ ਨਹੀਂ ਮਿਲੇ ਹਨ।
ਪੰਜਾਬ ਸਰਕਾਰ ਨੇ 327 ਕਰੋੜ ਰੁਪਏ ਜਾਰੀ ਕੀਤੇ ਹਨ ਪਰ ਇੰਨੀ ਰਾਸ਼ੀ ਨਾਲ ਗੱਲ ਬਣਨ ਵਾਲੀ ਨਹੀਂ ਹੈ। ਕੁੱਝ ਕਾਲਜਾਂ ਤੋਂ ਰਿਕਵਰੀ ਲਈ ਬੈਂਕਾਂ ਵਲੋਂ ਅਖ਼ਬਾਰਾਂ ਵਿਚ ਨੀਲਾਮੀ ਨੋਟਿਸ ਵੀ ਕਢਵਾਏ ਜਾ ਚੁੱਕੇ ਹਨ। ਕੁੱਝ ਕਾਲਜਾਂ ਦੇ ਸਟਾਫ਼ ਨੂੰ ਤਾਂ ਇਕ-ਇਕ ਸਾਲ ਤੋਂ ਤਨਖ਼ਾਹ ਵੀ ਨਹੀਂ ਮਿਲ ਸਕੀ ਹੈ। ਇਸ ਵਜ੍ਹਾ ਕਰਕੇ ਲੱਗਭੱਗ ਅੱਧਾ ਸਟਾਫ਼ ਕਾਲਜ ਛੱਡ ਚੁੱਕਿਆ ਹੈ।
ਕਈ ਕਾਲਜ ਮਾਲਕਾਂ ਵਲੋਂ ਅਪਣੀ ਜ਼ਾਇਦਾਦ ਅਤੇ ਘਰ ਗਹਿਣੇ ਰੱਖ ਕੇ ਲੋਨ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤਿੰਨ ਸਾਲ ਤੋਂ ਸਕਾਲਰਸ਼ਿਪ ਦਾ ਪੈਸਾ ਜਾਰੀ ਨਾ ਹੋਣ ਕਰਕੇ ਹੁਣ ਉਹ ਲੋਨ ਦੀ ਵਿਆਜ਼ ਚੁਕਾਉਣ ਵਿਚ ਵੀ ਸਮਰੱਥ ਨਹੀਂ ਹਨ। ਸੂਬੇ ਦੇ ਲੱਗਭੱਗ ਦੋ ਦਰਜਨ ਪੌਲੀਟੈਕਨਿਕ ਕਾਲਜ ਬੰਦ ਹੋ ਚੁੱਕੇ ਹਨ। ਕਪੂਰਥਲਾ ਵਿਚ ਸਰਵਹਿਤਕਾਰੀ ਸੋਸਾਇਟੀ ਦਿੱਲੀ ਦੋ ਕਾਲਜ ਚਲਾਉਂਦੀ ਹੈ।
ਇਨ੍ਹਾਂ ਕਾਲਜਾਂ ਦੀ ਰਿਕਵਰੀ ਲਈ ਬੈਂਕ ਵਲੋਂ ਅਖ਼ਬਾਰ ਵਿਚ ਦੋ ਵਾਰ ਨੋਟਿਸ ਕੱਢਿਆ ਜਾ ਚੁੱਕਿਆ ਹੈ ਪਰ ਕੋਈ ਖ਼ਰੀਦਦਾਰ ਹੀ ਨਹੀ ਹੈ। ਇਸ ਸੋਸਾਇਟੀ ਨੇ ਸਰਕਾਰ ਤੋਂ ਸਕਾਲਰਸ਼ਿਪ ਦਾ ਸਵਾ ਚਾਰ ਕਰੋੜ ਰੁਪਇਆ ਲੈਣਾ ਹੈ। ਕੰਨਫੈਡਰੇਸ਼ਨ ਆਫ਼ ਪੰਜਾਬ ਅਨਏਡਿਡ ਇਨਸਟੀਟਿਊਟ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਕੁੱਲ ਮਿਲਾ ਕੇ ਸਾਰੇ ਕਾਲਜ ਪ੍ਰੀਖਿਆ ਫ਼ੀਸ, ਕੰਟੀਨਿਊਸ਼ਨ ਫ਼ੀਸ, ਕਾਉਂਸਲਿੰਗ ਅਤੇ ਐਫ਼ੀਲੇਸ਼ਨ ਫ਼ੀਸ ਦੇ ਤੌਰ ‘ਤੇ 1000 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਟੈਕਸ ਦਿੰਦੇ ਹਨ
ਪਰ ਸਰਕਾਰ ਵਲੋਂ ਸਕਾਲਰਸ਼ਿਪ ਦੇ 1313 ਕਰੋੜ ਰੁਪਏ ਨਾ ਦਿਤੇ ਜਾਣ ਕਾਰਨ ਕਾਲਜ ਬੰਦ ਹੋਣ ਦੀ ਕਗਾਰ ਉਤੇ ਪਹੁੰਚ ਚੁੱਕੇ ਹਨ। 550 ਕਾਲਜਾਂ ਨੂੰ ਨੀਲਾਮੀ ਦੇ ਨੋਟਿਸ ਜਾਰੀ ਹੋ ਚੁੱਕੇ ਹਨ। ਜਨਰਲ ਸਕੱਤਰ ਵਿਪਨ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ 327 ਕਰੋੜ ਰੁਪਏ ਜਾਰੀ ਕੀਤਾ ਹੈ ਪਰ ਉਹ ਵੀ ਸਾਰੇ ਕਾਲਜਾਂ ਨੂੰ ਨਹੀਂ ਮਿਲ ਸਕਿਆ ਹੈ। ਇਕ ਤਾਂ ਸਕਾਲਰਸ਼ਿਪ ਦਾ ਪੈਸਾ ਨਹੀਂ ਮਿਲ ਰਿਹਾ ਅਤੇ ਦੂਜਾ ਕਾਲਜਾਂ ਵਿਚ ਵਿਦਿਆਰਥੀ ਵੀ ਨਹੀਂ ਆ ਰਹੇ ਹਨ।
ਸੈਕਸ਼ਨ ਅਥਾਰਿਟੀ ਏਆਈਸੀਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਕਾਲਜਾਂ ਵਿਚ ਸਿਰਫ਼ 45 ਫ਼ੀਸਦੀ ਸੀਟਾਂ ਹੀ ਭਰੀਆਂ ਹਨ। ਇਹਨਾਂ ਵਿਚ ਵੀਹ ਫ਼ੀਸਦੀ ਜਨਰਲ ਅਤੇ 25 ਫ਼ੀਸਦੀ ਐਸਸੀ ਵਿਦਿਆਰਥੀ ਹਨ। 55 ਫ਼ੀਸਦੀ ਸੀਟਾਂ ਖ਼ਾਲੀ ਹੋਣ ਕਾਰਨ ਵੀ ਮੁਸ਼ਕਿਲ ਵੱਧ ਗਈ ਹੈ। ਕਾਲਜਾਂ ਨੂੰ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ਦੇ ਬਾਰੇ ਟੈਕਨੀਕਲ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ‘ਤੇ ਕੋਈ ਜਵਾਬ ਨਹੀਂ ਦਿਤਾ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਸਮਾਜ ਭਲਾਈ ਵਿਭਾਗ ਹੀ ਦੱਸ ਸਕਦਾ ਹੈ ਕਿ ਸਕਾਲਰਸ਼ਿਪ ਦੀ ਰਾਸ਼ੀ ਕਿਉਂ ਨਹੀਂ ਮਿਲ ਰਹੀ ਹੈ।