ਸੌਦਾ ਸਾਧ ਵਲੋਂ ਵੋਟਾਂ ਪਾਉਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਸਿਰਸਾ ਦੇ ਰਾਜਸੀ ਵਿੰਗ ਵਿਰੁਧ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ

Saudh Sadh

ਚੰਡੀਗੜ੍ਹ : ਡੇਰਾ ਸਿਰਸਾ ਦੇ ਰਾਜਸੀ ਵਿੰਗ ਦੀਆਂ ਪੰਜਾਬ ਦੇ ਮਾਲਵਾ ਖੇਤਰ ਵਿਚ ਸਰਗਰਮੀਆਂ ਦਾ ਮੁੱਦਾ ਭਾਰਤੀ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਪੰਜਾਬ ਪੁਲਿਸ ਦੇ ਇਕ ਸੇਵਾ ਮੁਕਤ ਸਬ-ਇੰਸਪੈਕਟਰ ਅਤੇ ਸਾਲ 1973 ਤੋਂ ਸਾਲ 2007 ਤਕ ਡੇਰਾ ਸਿਰਸਾ ਦੇ ਅਹਿਮ ਮੈਂਬਰ ਰਹੇ ਸੁਖਵਿੰਦਰ ਸਿੰਘ (ਉਮਰ 73 ਸਾਲ) ਨੇ ਅੱਜ ਇਸ ਬਾਰੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਇਤ ਭੇਜੀ ਹੈ। 

ਉਨ੍ਹਾਂ ਪੰਜਾਬ ਚੋਣ ਕਮਿਸ਼ਨ, ਭਾਰਤ ਦੇ ਚੀਫ਼ ਜਸਟਿਸ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਸ ਸ਼ਿਕਾਇਤ ਦੀਆਂ ਨਕਲਾਂ ਭੇਜੀਆਂ ਹਨ। ਜਿਸ ਤਹਿਤ ਡੇਰੇ ਦੇ ਪੈਰੋਕਾਰ ਵੋਟਰਾਂ ਨੂੰ ਡੇਰੇ ਦੀ ਮਰਜ਼ੀ ਮੁਤਾਬਿਕ ਵੋਟਾਂ ਪਾਉਣ ਲਈ ਵਰਗਲਾਉਣ ਦੇ ਦੋਸ਼ ਲਗਾਏ ਹਨ। ਇਸ ਕਾਰਵਾਈ ਨੂੰ ਭਾਰਤੀ ਦੰਡਾਵਲੀ ਦੀ ਧਾਰਾ 171 ਸੀ ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123(3) ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਤੇ ਜ਼ੁਰਮ ਰੋਕੂ ਕਾਨੂੰਨ 1989 ਸਣੇ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਤਹਿਤ ਕਾਨੂੰਨ ਜ਼ੁਰਮ ਹੋਣ ਦਾ ਦਾਅਵਾ ਕੀਤਾ ਗਿਆ ਹੈ। 

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਬਲਾਤਕਾਰ ਅਤੇ ਹਤਿਆ ਦੇ ਵੱਖ-ਵੱਖ ਕੇਸਾਂ ਵਿਚ ਸਜ਼ਾ ਭੁਗਤ ਰਿਹਾ ਗੁਰਮੀਤ ਰਾਮ ਸਿੰਘ ਜੇਲ ਚੋਂ ਅਪਣੇ ਰਿਸ਼ਤੇਦਾਰਾਂ ਤੇ ਵਕੀਲਾਂ ਰਾਹੀਂ ਵੋਟਾਂ ਪਾਉਣ ਬਾਰੇ ਹੁਕਮ ਜਾਰੀ ਕਰ ਰਿਹਾ ਹੈ। ਡੇਰੇ ਦੇ ਮਰਜ਼ੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਮਰਜ਼ੀ ਮੁਤਾਬਿਕ ਆਮ ਜਨਤਾ ਅਤੇ ਡੇਰਾ ਪ੍ਰੇਮੀਆਂ ਨੂੰ ਵੋਟ ਪਾਉਣ ਲਈ ਕਹਿਣਾ ਧਮਕਾਉਣਾ ਜਾਂ ਮਜਬੂਰ ਕਰਨਾ ਕਾਨੂੰਨ ਦੀਆਂ ਉਕਤ ਧਾਰਾਵਾਂ ਮੁਤਾਬਿਕ ਆਜ਼ਾਦ ਚੋਣ ਅਮਲ ਵਿਚ ਕੀਤਾ ਗਿਆ ਸਿੱਧਾ ਦਖ਼ਲ ਹੈ।

ਡੇਰੇ ਦਾ ਰਾਜਸੀ ਵਿੰਗ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦਾ ਰਾਮ ਸਿੰਘ ਚੇਅਰਮੈਨ (25 ਅਗਸਤ 2017 ਦੀ ਪੰਚਕੂਲਾ ਹਿੰਸਾ ਕੇਸ 'ਚ ਜਮਾਨਤ 'ਤੇ ਬਾਹਰ), ਸੀਨੀਅਰ ਵਾਇਸ ਚੇਅਰਮੈਨ ਜਗਜੀਤ ਸਿੰਘ (2017 'ਚ ਪੰਚਕੂਲਾ 'ਚ ਦਰਜ ਐਫ਼ਆਈਆਰ 345 'ਚ ਲੌੜੀਂਦਾ), ਜ਼ਿਲ੍ਹਾ ਮਾਨਸਾ ਪਿੰਡ ਨੰਗਲ ਕਲਾਂ ਦਾ ਪਰਮਜੀਤ ਸਿੰਘ (ਜਮਾਨਤ 'ਤੇ ਬਾਹਰ), ਬੁਢਲਾਡਾ ਦਾ ਸੂਰਜਪਾਲ ਪੁੱਤਰ ਆਸ਼ਾ ਰਾਮ (ਜਮਾਨਤ 'ਤੇ ਬਾਹਰ) ਪੰਚਕੂਲਾ ਹਿੰਸਾ ਕੇਸ 'ਚ ਭਗੌੜੀ ਐਲਾਨੀ ਗਈ ਡੇਰਾ ਸੱਚਾ ਸੌਦਾ ਦੇ ਚੇਅਰਪਰਸਨ 'ਵਿਪਾਸਨਾ ਡੇਰੇ ਦੀ ਕੇਅਰਟੇਕਰ ਚੇਅਰਪਰਸਨ ਸ਼ੌਭਾ ਰਾਣੀ ਰਾਮ ਰਹੀਮ ਦਾ ਜਵਾਈ, ਡਾਕਟਰ ਸ਼ਾਨ-ਏ-ਮੀਤ ਖ਼ੁਦ ਰਾਮ ਰਹੀਮ ਅਤੇ ਹੋਰਨਾਂ ਪਰਵਾਰਕ ਮੈਂਬਰਾਂ ਆਦਿ ਸਣੇ ਇਸ ਰਾਜਸੀ ਵਿੰਗ ਦੇ ਸਰਗਰਮ ਮੈਂਬਰ ਸਨ। ਸ਼ਿਕਾਇਤ ਤਹਿਤ ਮੰਗ ਕੀਤੀ ਗਈ ਹੈ ਕਿ ਡੇਰਾ ਸਿਰਸਾ ਦੇ ਰਾਜਸੀ ਵਿੰਗ ਖਿਲਾਫ਼ ਫੌਰੀ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਸ਼ਿਕਾਇਤ ਕਰਤਾ ਅਦਾਲਤ ਦੀ ਸ਼ਰਨ ਵਿਚ ਜਾਣ ਲਈ ਮਜ਼ਬੂਰ ਹੋਵੇਗਾ।