ਸੌਦਾ ਸਾਧ ਦਾ ਮਾਮਲਾ ਗਰਮਾਇਆ : ਸੌਦਾ ਸਾਧ ਦੀ ਮਾਫ਼ੀ ਵਾਲੀ ਚਿੱਠੀ 8 ਸਾਲ ਪੁਰਾਣੀ ਸੀ: ਤਰਲੋਚਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲ ਪਰਵਾਰ ਦੇ ਮੁੜ ਆਲੋਚਨਾਵਾਂ ਦੇ ਘੇਰੇ 'ਚ ਆਉਣ ਦੀ ਸੰਭਾਵਨਾ

Sauda Sadh

ਅੰਮ੍ਰਿਤਸਰ : ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਪਰਿਵਾਰ ਮੁੜ ਆਲੋਚਨਾਵਾਂ ਦੇ ਘੇਰੇ 'ਚ ਆਉਣ ਦੀ ਸੰਭਾਵਨਾ ਹੈ। ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਆਧਾਰ ਤੇ ਸੌਦਾ ਸਾਧ ਨੂੰ ਸਾਲ 2015 ਦੌਰਾਨ ਮਾਫ਼ੀ ਦਿਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਸੀ ਤੇ ਇਹ ਉਹ ਚਿੱਠੀ ਸੀ ਜਿਹੜੀ ਉਨ੍ਹਾਂ  (ਤਰਲੋਚਨ ਸਿੰਘ) ਵਲੋਂ ਖੁਦ ਤਿਆਰ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵਲੋਂ ਉਸ ਚਿੱਠੀ ਨੂੰ ਆਰੀਆ ਸਮਾਜ ਆਗੂ ਸਵਾਮੀ ਅਗਨੀਵੇਸ਼ ਸਾਲ 2007 ਵਿਚ ਅਕਾਲ ਤਖ਼ਤ 'ਤੇ ਲੈ ਕੇ ਪਹੁੰਚਾਇਆ ਸੀ। 

ਤਰਲੋਚਨ ਸਿੰਘ ਨੇ ਦਾਅਵਾ ਕੀਤਾ ਕਿ ਅਸਲ ਚਿੱਠੀ ਵਿਚ ਮਾਫ਼ੀ ਅੱਖਰ ਨਹੀਂ ਸਨ ਤੇ ਇਹ ਚਿੱਠੀ 8 ਸਾਲ ਤਕ ਅਕਾਲ ਤਖ਼ਤ 'ਤੇ ਹੀ ਪਈ ਰਹੀ। ਤਰਲੋਚਨ ਸਿੰਘ ਇਥੇ ਚੀਫ਼ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਤੇ ਕਰਵਾਏ ਸੈਮੀਨਾਰ ਵਿਚ ਸੰਬੋਧਨ ਕਰਨ ਆਏ ਹੋਏ ਸਨ। ਤਰਲੋਚਨ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਇਕਬਾਲ ਸਿੰਘ ਨੇ ਇਸ ਬਾਰੇ ਪ੍ਰਗਟਾਵਾ ਕਰਕੇ ਇਹ ਮਾਮਲਾ ਖੋਲ੍ਹਿਆ ਹੈ। ਜਿਸ ਵੇਲੇ ਸਾਲ 2007  ਦੌਰਾਨ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਸੀ, ਉਸ ਵੇਲੇ ਪੰਜਾਬ ਵਿਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਖ਼ੂਨੀ ਝੜਪਾਂ ਹੋਈਆਂ ਸਨ ਜਿਸ ਤੋਂ ਬਾਅਦ ਅਕਾਲ ਤਖ਼ਤ ਨੇ ਇਕ ਹੁਕਮਨਾਮਾ ਜਾਰੀ ਕਰ ਕੇ ਸਿੱਖ ਸੰਗਤ ਨੂੰ ਡੇਰੇ ਦਾ ਬਾਈਕਾਟ ਕਰਨ ਲਈ ਕਿਹਾ ਸੀ।

ਉਸ ਵੇਲੇ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਚਾਰੇ ਪਾਸੇ ਤੋਂ ਯਤਨ ਆਰੰਭੇ ਗਏ ਸਨ ਤੇ ਇਸ ਬਾਰੇ ਜ਼ਿਕਰ ਕਰਦਿਆਂ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਵੇਲੇ ਇਸ ਮਸਲੇ ਦਾ ਹੱਲ ਕੱਢਣ ਲਈ ਸਵਾਮੀ ਅਗਨੀਵੇਸ਼ ਦੀ ਅਗਵਾਈ ਵਿਚ ਸਾਰੇ ਧਰਮਾਂ ਦੇ ਇਕ 5 ਮੈਂਬਰੀ ਵਫ਼ਦ ਨੇ ਵੀ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਵਿਚੋਲਗੀ ਕੀਤੀ ਸੀ। ਉਸ ਵੇਲੇ ਸੌਦਾ ਸਾਧ ਵਲੋਂ ਇਕ ਚਿੱਠੀ ਲਿਖੀ ਗਈ ਸੀ ਜਿਹੜੀ ਕਿ ਦਿੱਲੀ ਵਿਚ ਉਨ੍ਹਾਂ ਨੇ ਤਿਆਰ ਕਰਵਾਈ ਸੀ ਤੇ ਉਸ ਤੇ ਸੌਦਾ ਸਾਧ ਨੇ ਹਸਤਾਖ਼ਰ ਕੀਤੇ ਸਨ। 

ਤਰਲੋਚਨ ਸਿੰਘ ਅਨੁਸਾਰ ਉਹ ਚਿੱਠੀ ਲੈ ਕੇ ਸਵਾਮੀ ਅਗਨੀਵੇਸ਼ 29 ਮਈ 2007 ਨੂੰ  ਅਕਾਲ ਤਖ਼ਤ ਪਹੁੰਚੇ ਸਨ ਤੇ ਉਨ੍ਹਾਂ ਨੇ ਸੌਦਾ ਸਾਧ ਨੂੰ ਮਾਫ਼ ਕਰਨ ਦੀ ਬੇਨਤੀ ਕੀਤੀ ਸੀ ਪਰ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਨੇ ਉਸ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਇਹ ਚਿੱਠੀ ਉਸ ਤੋਂ ਬਾਅਦ 8 ਸਾਲ ਤਕ ਅਕਾਲ ਤਖ਼ਤ 'ਤੇ ਪਈ ਰਹੀ ਜਿਸ ਬਾਰੇ ਗਿ. ਇਕਬਾਲ ਸਿੰਘ ਦਾ ਵੀ ਦਾਅਵਾ ਹੈ ਕਿ ਸਾਲ 2015 ਦੌਰਾਨ ਉਸ ਚਿੱਠੀ ਵਿਚ ਮਾਫ਼ੀ ਵਾਲੇ ਅੱਖਰ ਸ਼ਾਮਲ ਕਰ ਕੇ ਸੌਦਾ ਸਾਧ ਨੂੰ ਮਾਫ਼ੀ ਦੇ ਦਿਤੀ ਗਈ।

ਉਨ੍ਹਾਂ ਮੁਤਾਬਕ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਇਕਬਾਲ ਸਿੰਘ ਨੇ ਵੀ ਕੁੱਝ ਦਿਨਾਂ ਪਹਿਲਾਂ ਇਹੋ ਬਿਆਨ ਦਿਤਾ ਸੀ ਕਿ ਜਿਸ ਚਿਠੀ ਦੇ ਆਧਾਰ 'ਤੇ ਸੌਦਾ ਸਾਧ ਨੂੰ ਸਵਾਂਗ ਰਚਣ ਵਾਲੇ ਕੇਸ ਵਿਚ ਜਥੇਦਾਰਾਂ ਵਲੋਂ 24 ਸਤੰਬਰ 2015 ਨੂੰ ਮਾਫ਼ੀ ਦਿਤੀ ਗਈ ਸੀ, ਉਸ ਅਸਲ ਚਿੱਠੀ ਵਿੱਚ ਖਿਮਾ ਦਾ ਜਾਚਕ ਅੱਖਰ ਸ਼ਾਮਲ ਨਹੀਂ ਸਨ। ਗਿ. ਇਕਬਾਲ ਸਿੰਘ ਦਾ ਇਹ ਵੀ ਦਾਅਵਾ ਹੈ ਕਿ ਉਸ ਚਿੱਠੀ ਵਿਚ ਖਿਮਾ ਦਾ ਜਾਚਕ ਅੱਖਰ ਅਕਾਲ ਤਖ਼ਤ ਤੇ ਰੱਖ ਕੰਪਿਊਟਰ ਰਾਹੀਂ ਗਿ. ਗੁਰਮੁਖ ਸਿੰਘ ਨੇ ਦਿੱਲੀ ਤੋਂ ਅਪਣਾ ਇਕ ਬੰਦਾ ਬੁਲਾ ਕੇ ਬਾਅਦ ਵਿਚ ਲਿਖਵਾਏ ਸਨ। ਦਸਣਯੋਗ ਹੈ ਕਿ ਗਿ. ਗੁਰਬਚਨ ਸਿੰਘ ਦੀ ਅਗਵਾਈ ਵਾਲੇ ਜਿਨ੍ਹਾਂ ਜਥੇਦਾਰਾਂ ਵਲੋਂ ਸੌਦਾ ਸਾਧ ਮਾਫ਼ੀ ਦੇਣ ਵਾਲਾ ਵਿਵਾਦਪੂਰਨ ਫ਼ੈਸਲਾ ਲਿਆ ਗਿਆ ਸੀ, ਗਿ.ਇਕਬਾਲ ਸਿੰਘ ਉਨ੍ਹਾਂ ਵਿਚੋਂ ਇਕ ਜਥੇਦਾਰ ਸਨ ਤੇ ਹੁਣ ਠੀਕ ਇਸ ਸਬੰਧ ਵਿਚ ਗਿ.ਇਕਬਾਲ ਸਿੰਘ ਨੇ ਐਸਆਈਟੀ ਅੱਗੇ ਪੇਸ਼ ਹੋ ਕੇ ਵੀ ਬਿਆਨ ਦਰਜ ਕਰਵਾਏ ਹਨ।