ਦਾਦੂਵਾਲ ਵਲੋਂ ਭਾਈ ਮੰਡ ਦੀ ਮੀਟਿੰਗ 'ਚ ਜਾਣ ਤੋਂ ਕੋਰਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਘੀ ਇਕ ਜੂਨ ਤੋਂ ਬਰਗਾੜੀ ਵਿਖੇ ਸ਼ੁਰੂ ਹੋਏ........

While talking to Baljeet Singh Daduwal and other Singh

ਬਠਿੰਡਾ  : ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਘੀ ਇਕ ਜੂਨ ਤੋਂ ਬਰਗਾੜੀ ਵਿਖੇ ਸ਼ੁਰੂ ਹੋਏ ਇਨਸਾਫ਼ ਮੋਰਚੇ ਦੀ ਸਮਾਪਤੀ ਦੇ ਮੁੱਦੇ ਨੂੰ ਲੈ ਕੇ ਮੁਤਾਵਜ਼ੀ ਜਥੇਦਾਰ ਦੋਫਾੜ ਹੋ ਗਏ ਹਨ। ਪੰਥਕ ਆਗੂਆਂ ਨੂੰ ਨਾਲ ਲੈ ਕੇ ਭਾਈ ਧਿਆਨ ਸਿੰਘ ਮੰਡ ਵਲੋਂ ਬਲਜੀਤ ਸਿੰਘ ਦਾਦੂਵਾਲ ਨੂੰ ਮਨਾਉਣ ਲਈ ਲਗਾਤਾਰ ਦੋ ਦਿਨ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਦਾਦੂ ਵਿਖੇ ਕੀਤੀਆਂ ਮੀਟਿੰਗਾਂ ਵੀ ਰੰਗ ਨਹੀਂ ਲਿਆ ਸਕੀਆਂ।

ਹਾਲਾਂਕਿ ਇਸ ਮਾਮਲੇ 'ਚ ਲੱਗੀਆਂ ਕੁੱਝ ਪੰਥਕ ਧਿਰਾਂ ਨੇ ਅੱਜ ਸਵੇਰ ਤੋਂ ਹੀ ਭਾਈ ਮੰਡ ਤੇ ਭਾਈ ਦਾਦੂਵਾਲ ਦੀਆਂ ਇਕੱਠੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਪਾ ਕੇ ਦੋਹਾਂ ਧਿਰਾਂ 'ਚ ਮਤਭੇਦ ਦੂਰ ਹੋਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਭਾਈ ਦਾਦੂਵਾਲ ਨੇ ਥੋੜੇ ਸਮੇਂ ਬਾਅਦ ਹੀ ਅਪਣੀ ਫ਼ੇਸਬੁੱਕ ਪੇਜ 'ਤੇ ਇਸ ਦਾ ਖੰਡਨ ਕਰਦੇ ਹੋਏ ਐਲਾਨ ਕੀਤਾ ਕਿ ਉਹ ਬਰਗਾੜੀ ਮੋਰਚੇ ਦੀ ਕਾਹਲੀ 'ਚ ਕੀਤੀ ਸਮਾਪਤੀ ਤੋਂ ਨਾਖ਼ੁਸ਼ ਹਨ ਤੇ ਰਹਿਣਗੇ। ਪਤਾ ਚਲਿਆ ਹੈ ਕਿ ਭਾਈ ਦਾਦੂਵਾਲ ਨੇ ਬਰਗਾੜੀ ਮੋਰਚੇ ਨੂੰ ਮੁੜ ਖੜਾ ਕਰਨ ਲਈ ਇਸ ਦੀਆਂ ਹਮਾਇਤੀ ਪੰਥਕ ਜਥੇਬੰਦੀਆਂ ਨੂੰ ਹਵਾ ਦੇਣੀ ਸ਼ੁਰੂ ਕਰ ਦਿਤੀ ਹੈ। 

ਅੱਜ ਸਥਾਨਕ ਪ੍ਰੈਸ ਕਲੱਬ 'ਚ ਕੀਤੀ ਇਕ ਪ੍ਰੈਸ ਕਾਨਫ਼ਰੰਸ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਮੋਰਚੇ ਦੀ ਅਚਾਨਕ ਕਾਹਲੀ 'ਚ ਕੀਤੀ ਸਮਾਪਤੀ ਉਪਰ ਵੀ ਸਖ਼ਤ ਨਰਾਜ਼ਗੀ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ, ਜਿਸ ਦਾ ਜਵਾਬ ਭਾਈ ਧਿਆਨ ਸਿੰਘ ਮੰਡ ਨੂੰ ਦੇਣਾ ਚਾਹੀਦਾ ਹੈ। ਬੀਤੇ ਦਿਨ ਸਿਰਸਾ ਦੇ ਪਿੰਡ ਦਾਦੂ ਵਿਖੇ ਭਾਈ ਮੰਡ ਤੇ ਹੋਰ ਸਿੱਖ ਆਗੂਆਂ ਨਾਲ ਹੋਈ ਮੀਟਿੰਗ ਵਿਚ ਇਸ ਮੁੱਦੇ 'ਤੇ ਸਹਿਮਤੀ ਬਣਨ ਸਬੰਧੀ ਕੀਤੇ ਦਾਅਵਿਆਂ ਨੂੰ ਰੱਦ ਕਰਦਿਆਂ ਭਾਈ ਦਾਦੂਵਾਲ ਨੇ ਕਿਹਾ ਕਿ ਉਹ 20 ਦਸੰਬਰ ਨੂੰ ਭਾਈ ਮੰਡ ਵਲੋਂ ਸੱਦੀ ਮੀਟਿੰਗ ਵਿਚ ਸ਼ਮੂਲੀਅਤ ਨਹੀਂ ਕਰ ਰਹੇ।

ਜਦੋਂ ਕਿ ਭਲਕੇ ਬਰਗਾੜੀ ਵਿਖੇ ਕੁੱਝ ਪੰਥਕ ਧਿਰਾਂ ਵਲੋਂ ਰੱਖੀ ਮੀਟਿੰਗ ਵਿਚ ਜਾਣਗੇ। ਦਾਦੂਵਾਲ ਨੇ ਕਿਹਾ ਕਿ ਬੇਸ਼ੱਕ ਮੋਰਚੇ ਨੇ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ ਪ੍ਰੰਤੂ ਡੇਰਾ ਸਿਰਸਾ ਮੁਖੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਪੰਜਾਬ ਲਿਆਉਣ ਅਤੇ ਸਿੱਖ ਨੌਜਵਾਨਾਂ ਉਪਰ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਦੀ ਗ੍ਰਿਫ਼ਤਾਰੀ ਤਕ ਇਹ ਮੋਰਚਾ ਅਧੂਰਾ ਹੈ। ਉਧਰ ਪਤਾ ਚਲਿਆ ਹੈ ਕਿ ਭਾਈ ਮੰਡ ਵਲੋਂ ਬਰਗਾੜੀ ਮੋਰਚੇ 'ਤੇ ਚਰਚਾ ਕਰਨ ਲਈ 20 ਦਸੰਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਰੱਖੀ ਮੀਟਿੰਗ 'ਤੇ ਕਿੰਤੂ-ਪੰਤੂ ਹੋਣ ਤੋਂ ਬਾਅਦ ਇਸ ਨੂੰ ਰੱਦ ਕਰਦਿਆਂ ਇਹ ਮੀਟਿੰਗ 10 ਜਨਵਰੀ ਨੂੰ ਕਰਨ ਦਾ ਫ਼ੈਸਲਾ ਲਿਆ ਹੈ। 

Related Stories