ਤੀਜੇ ਮੋਰਚੇ ਦੀ ਸਥਾਪਨਾ ਵੱਲ ਵਧਦੇ ਢੀਂਡਸਾ ਦੇ ਕਦਮ, ਇਕ ਹੋਰ ਅਕਾਲੀ ਦਲ ਦਾ ਮਿਲਿਆ ਸਾਥ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੀਂਡਸਾ ਵਲੋਂ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਤੀਜੇ ਮੋਰਚੇ ਦੀ ਸਥਾਪਨਾ ਦਾ ਐਲਾਨ

Sukhdev Singh Dhindsa

ਚੰਡੀਗੜ੍ਹ : ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਨਵੀਂ ਪਾਰਟੀ ਬਣਾ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ, ਉਥੇ ਹੀ ਪੰਜਾਬ ਦੀ ਸਿਆਸਤ ਅੰਦਰ ਵੀ ਗਰਮਾਹਟ ਲਿਆ ਦਿਤੀ ਹੈ। ਢੀਂਡਸਾ ਨੂੰ ਅਪਣੇ ਇਸ ਕਦਮ ਨਾਲ ਭਾਵੇਂ ਅਕਾਲੀ ਦਲ ਦੇ ਨਾਲ-ਨਾਲ ਕੁੱਝ ਅਪਣਿਆਂ ਦੀ ਮੁਖਾਲਫ਼ਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਉਨ੍ਹਾਂ ਨੂੰ ਸਿਆਸੀ ਪਲੇਟਫ਼ਾਰਮ ਲੱਭ ਰਹੇ ਕਈ ਦਿਗਜ਼ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ, ਉਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਢੀਂਡਸਾ ਦੀ ਅਗਵਾਈ 'ਚ ਪੰਜਾਬ ਅੰਦਰ ਤੀਜੇ ਮੋਰਚੇ ਦੀ ਸਥਾਪਨਾ ਦੀਆਂ ਸੰਭਾਵਨਾਵਾਂ ਵੀ ਵਧਾ ਦਿਤੀਆਂ ਹਨ।

ਕਿਸੇ ਸਮੇਂ ਪੰਜਾਬ ਦੀ ਸਿਆਸਤ 'ਤੇ ਅਪਣਾ ਚੰਗਾ ਪ੍ਰਭਾਵ ਰੱਖਦੇ ਕਈ ਦਿਗਜ਼ ਆਗੂ ਇਸ ਸਮੇਂ ਅਪਣਾ ਸਿਆਸੀ ਵਜੂਦ ਦਿਖਾਉਣ ਲਈ ਪਲੇਟਫਾਰਮ ਦੀ ਭਾਲ ਵਿਚ ਹਨ। ਪਿਛਲੇ ਸਮੇਂ ਦੌਰਾਨ ਅਪਣੀ ਸਿਆਸੀ ਪਾਰਟੀ ਬਣਾ ਚੁੱਕੇ ਅਤੇ ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਅੰਦਰ ਅਹੁਦੇ ਮਾਣ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਦਾ ਨਾਂ ਵੀ ਇਸੇ ਦੌੜ 'ਚ ਆਉਂਦਾ ਹੈ।  ਇਸੇ ਤਰ੍ਹਾਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਮੇਤ ਅਕਾਲੀ ਦਲ 'ਚੋਂ ਅਲਹਿਦਾ ਹੋ ਕੇ ਅਪਣੀਆਂ ਪਾਰਟੀਆਂ ਬਣਾ ਚੁੱਕੇ ਕਈ ਅਕਾਲੀ ਆਗੂ ਵੀ ਸ਼ਾਮਲ ਹਨ।

ਪੰਜਾਬ ਦੀ ਸਿਆਸਤ ਅੰਦਰ ਇਕ ਧਾਰਨਾ ਪੱਕੀ ਮੰਨੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਵੀ ਆਗੂ ਅਲਹਿਦਾ ਹੋਇਆ ਹੈ, ਉਹ ਸਿਆਸਤ 'ਚ ਮੁੜ ਕੋਈ ਸਿਆਸੀ ਕ੍ਰਿਸ਼ਮਾ ਨਹੀਂ ਵਿਖਾ ਸਕਿਆ। ਕਈਆਂ ਨੇ ਅਪਣੀਆਂ ਪਾਰਟੀਆਂ ਤਕ ਬਣਾਈਆਂ, ਪਰ ਅਖ਼ੀਰ ਉਨ੍ਹਾਂ ਨੂੰ ਅਪਣੀਆਂ ਪਾਰਟੀਆਂ ਭੰਗ ਕਰ ਕੇ ਜਾਂ ਤਾਂ ਮੁੜ ਅਕਾਲੀ ਦਲ 'ਚ ਸ਼ਾਮਲ ਹੋਣਾ ਪਿਆ, ਜਾਂ ਕਾਂਗਰਸ ਸਮੇਤ ਦੂਜੀਆਂ ਕੌਮੀ ਪਾਰਟੀਆਂ ਦੀ ਸ਼ਰਨ 'ਚ ਜਾਣਾ ਪਿਆ ਹੈ। ਇਨ੍ਹਾਂ 'ਚ ਬਲਵੰਤ ਸਿੰਘ ਰਾਮੂਵਾਲੀਆ, ਮਨਪ੍ਰੀਤ ਸਿੰਘ ਬਾਦਲ ਅਤੇ ਸਵ: ਗੁਰਚਰਨ ਸਿੰਘ ਟੌਹੜਾ ਦੀਆਂ ਉਦਾਹਰਨਾਂ ਸ਼ਾਮਲ ਹਨ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਦੀ ਸਿਆਸਤ ਅੰਦਰ ਮੁੜ ਕੋਈ ਕ੍ਰਿਸ਼ਮਾ ਕਰਨ ਦੀ ਉਮੀਦ ਅਜੇ ਬੜੀ ਮੱਧਮ ਹੈ। ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਤੋਂ ਵੀ ਲੋਕ ਬਹੁਤੇ ਖ਼ੁਸ਼ ਨਹੀਂ ਹਨ। ਆਮ ਆਦਮੀ ਪਾਰਟੀ ਕੋਲੋਂ ਅਪਣਾ ਘਰ ਹੀ ਸਾਂਭਿਆ ਨਹੀਂ ਜਾ ਰਿਹਾ। ਭਾਜਪਾ ਵੀ ਪੰਜਾਬ ਅੰਦਰ ਇਕੱਲੀ ਅਪਣਾ ਦਮ-ਖਮ ਦਿਖਾਉਣ ਤੋਂ ਅਜੇ ਕੋਹਾਂ ਦੂਰ ਹੈ। ਕਿਸੇ ਦੇ ਸਾਥ ਨਾਲ ਭਾਵੇਂ ਉਹ ਕੋਈ ਕ੍ਰਿਸ਼ਮਾ ਕਰ ਵਿਖਾ ਦੇਵੇ। ਵੈਸੇ ਵੀ ਰਵਾਇਤੀ ਪਾਰਟੀਆਂ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ। ਸੋ ਅਖ਼ੀਰ 'ਚ ਪੰਜਾਬ ਦੀ ਸਿਆਸਤ 'ਚ ਇਕੋ ਇਕ ਧਿਰ ਤੀਜੇ ਮੋਰਚੇ ਦੇ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਜਾਪਦੀਆਂ ਹਨ।  

ਇਸੇ ਦੌਰਾਨ ਢੀਂਡਸਾ ਨੇ ਵੀ ਹਮਖਿਆਲੀ ਧਿਰਾਂ ਨਾਲ ਮਿਲ ਕੇ ਤੀਜੇ ਮੋਰਚੇ ਦੀ ਉਸਾਰੀ ਦਾ ਐਲਾਨ ਕਰ ਦਿਤਾ ਹੈ। ਕੁੱਝ ਟਕਸਾਲੀ ਆਗੂ ਵੀ ਉਸ ਦੇ ਨਾਲ ਹਨ। ਬਲਵੰਤ ਸਿੰਘ ਰਾਮੂਵਾਲੀਆ ਸਮੇਤ ਕਈ ਆਗੂ ਉਨ੍ਹਾਂ ਦੀ ਚੌਕੀ ਭਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਵੀ ਢੀਂਡਸਾ ਨੂੰ ਤੀਜੇ ਮੋਰਚੇ 'ਚ ਹਮਾਇਤ ਦੇਣ ਦੀ ਹਾਮੀ ਭਰ ਦਿਤੀ ਹੈ। ਰਵੀਇੰਦਰ ਸਿੰਘ ਨੇ ਇਸ ਸਬੰਧੀ ਬਕਾਇਦਾ ਐਲਾਨ ਕਰਦਿਆਂ ਕਿਹਾ ਕਿ ਹਮਖਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਬਾਦਲਾਂ ਤੋਂ ਸਿੱਖ ਕੌਮ ਦੀਆਂ ਮੁਕੱਦਸ ਸੰਸਥਾਵਾਂ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂ ੰਆਜ਼ਾਦ ਕਰਵਾ ਕੇ ਸਿੱਖ ਕੌਮ ਨੂੰ ਸਮਰਪਿਤ ਕੀਤਾ ਜਾਵੇਗਾ।

ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ 'ਤੇ ਦਾਅਵਾ ਕਰ ਕੇ ਬਾਦਲਾਂ ਲਈ ਦੋ ਮੋਰਚੇ ਖੋਲ੍ਹ ਦਿਤੇ ਹਨ। ਹੁਣ ਬਾਦਲਾਂ ਨੂੰ ਇਕ ਤਾਂ ਸ਼੍ਰੋਮਣੀ ਅਕਾਲੀ ਦਲ 'ਤੇ ਅਪਣਾ ਕਬਜ਼ਾ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਪਵੇਗੀ ਅਤੇ ਦੂਜਾ ਅਕਾਲੀ ਦਲ ਅੰਦਰ ਮੌਜੂਦ ਟਕਸਾਲੀ ਅਕਾਲੀ ਆਗੂਆਂ ਨੂੰ ਪਾਰਟੀ ਨਾਲ ਜੋੜੀ ਰੱਖਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਪੰਜਾਬ ਅੰਦਰ ਤੀਜੇ ਮੋਰਚੇ ਦੀ ਸਥਾਪਨਾ ਤੋਂ ਬਾਅਦ ਹੋਰਨਾਂ ਪਾਰਟੀਆਂ ਦੇ ਨਾਰਾਜ ਆਗੂਆਂ ਦੇ ਇਸ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵੀ ਵਧ ਸਕਦੀਆਂ ਹਨ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਿਆਸੀ ਪਿੜ ਨੂੰ ਦਿਲਚਸਪ ਅਤੇ ਸੰਘਰਸ਼ਮਈ ਬਣਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।