'ਘਰ ਘਰ ਹਰਿਆਲੀ' ਮੁਹਿੰਮ ਤਹਿਤ 34 ਲੱਖ ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਈ ਹਰਿਆਲੀ' ਐਪ ਰਾਹੀਂ 14 ਲੱਖ ਬੂਟੇ ਮੁਫ਼ਤ ਵੰਡੇ

Sadhu Singh Dharamsot

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਘਰ ਘਰ ਹਰਿਆਲੀ' ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਕਿਸਮਾਂ ਦੇ 34 ਲੱਖ ਬੂਟੇ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਇਸ ਯੋਜਨਾ ਤਹਿਤ ਹੁਣ ਤੱਕ 34 ਲੱਖ ਬੂਟੇ ਸੂਬਾ ਵਾਸੀਆਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ 'ਆਈ ਹਰਿਆਲੀ' ਐਪ ਤਹਿਤ ਹੁਣ ਤੱਕ 3 ਲੱਖ 40 ਹਜ਼ਾਰ ਆਡਰ ਬੁੱਕ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 'ਆਈ ਹਰਿਆਲੀ' ਐਂਡਰਾਇਡ ਮੋਬਾਇਲ ਐਪ ਰਾਹੀਂ ਲਗਭੱਗ 3 ਮਹੀਨਿਆਂ ਦੇ ਸਮੇਂ ਦੌਰਾਨ 14 ਲੱਖ ਬੂਟੇ ਮੁਫ਼ਤ ਵੰਡੇ ਗਏ ਹਨ। ਵਰਣਨਯੋਗ ਹੈ ਕਿ ਐਂਡਰਾਇਡ ਮੋਬਾਇਲ ਐਪ ਡਾਊਨਲੋਡ ਕਰਕੇ ਸੂਬੇ ਦਾ ਕੋਈ ਵੀ ਨਾਗਰਿਕ ਆਪਣੀ ਪਸੰਦ ਦੇ 25 ਬੂਟੇ ਆਨਲਾਈਨ ਬੁੱਕ ਕਰਕੇ ਹਾਸਲ ਕਰ ਸਕਦਾ ਹੈ।

ਸ. ਧਰਮਸੋਤ ਨੇ ਦੱਸਿਆ ਕਿ ਐਪਲ ਕੰਪਨੀ ਦਾ ਮੋਬਾਇਲ ਵਰਤਣ ਵਾਲਿਆਂ ਲਈ 'ਆਈ ਹਰਿਆਲੀ' ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ, ਜਿਸਨੂੰ ਪਿਛਲੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਂਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਐਪਲ ਮੋਬਾਇਲ ਵਰਤਣ ਵਾਲੇ ਸੂਬਾ ਵਾਸੀਆਂ ਨੂੰ ਵੀ ਐਪ ਜ਼Ðਰੀਏ ਆਪਣੀ ਪਸੰਦ ਬੂਟੇ ਆਨਲਾਈਨ ਤੇ ਮੁਫ਼ਤ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ।

ਸ. ਧਰਮਸੋਤ ਨੇ ਦੱਸਿਆ ਕਿ ਸੂਬੇ ਭਰ ਵਿੱਚ ਬੂਟੇ ਲਾਉਣ ਦੀ ਮੁਹਿੰਮ ਸਫ਼ਲਤਾਪੂਰਬਕ ਚੱਲ ਰਹੀ ਹੈ, ਜਿਸਦੇ ਆਉਣ ਵਾਲੇ ਸਮੇਂ ਦੌਰਾਨ ਸਾਰਥਕ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ 'ਘਰ ਘਰ ਹਰਿਆਲੀ' ਮੁਹਿੰਮ ਨਾਲ ਜਿੱਥੇ ਹਰਿਆਲੀ ਵਧਾਉਣ ਵਿਚ ਮਦਦ ਮਿਲੇਗੀ, ਉੱਥੇ ਹੀ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਵੀ ਕਰਵਾਇਆ ਜਾ ਸਕੇਗਾ।