ਬਾਦਲਾਂ ਵਲੋਂ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡਣਾ ਅਪਣੀ ਰਾਜਨੀਤੀ ਚਮਕਾਉਣ ਤੱਕ ਸੀਮਿਤ: ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਰਾਜਨੀਤੀ...

Harpal Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਦਮ ਦੱਸਿਆ। ਆਪ ਦੇ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਉਦੇਸ਼ ਗ਼ਰੀਬਾਂ ਦੀ ਮਦਦ ਨਹੀਂ ਸਗੋਂ ਆਪਣੀ ਰਾਜਨੀਤੀ ਚਮਕਾਉਣਾ ਹੈ।

ਗ਼ਰੀਬ ਵਿਦਿਆਰਥੀਆਂ ਨੂੰ ਆਧਾਰ ਬਣਾ ਕੇ ਅਕਾਲੀ ਦਲ ਵੱਲੋਂ ਆਪਣਾ ਫ਼ਾਇਦਾ ਲੈਣਾ ਚਾਹੁੰਦੀ ਹੈ ਜੋ ਬਹੁਤ ਸ਼ਰਮਨਾਕ ਹੈ। ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਹੀ ਗ਼ਰੀਬ ਵਿਦਿਆਰਥੀਆਂ ਲਈ ਏਨਾ ਚਿੰਤਤ ਹੈ ਤਾਂ ਉਸ ਨੂੰ ਇਹ ਚਿੰਤਾ ਸੱਤਾ ਚੋਂ ਲਾਂਭੇ ਹੋਣ ਤੋਂ ਬਾਅਦ ਹੀ ਕਿਉਂ ਹੁੰਦੀ ਹੈ? ਬਿਕਰਮ ਮਜੀਠੀਆ ਨੂੰ ਅਕਾਲੀ- ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੇ ਉਸ ਦੌਰ ਨੂੰ ਯਾਦ ਕਰਨਾ ਚਾਹੀਦਾ ਹੈ।

ਜਦੋਂ ਵਿਦਿਆਰਥੀਆਂ ਨੂੰ ਹੁਣ ਵਾਂਗ ਹੀ ਵਰਦੀਆਂ ਲਈ ਤਰਸਨਾ ਪੈਂਦਾ ਸੀ। ਮੌਜੂਦਾ ਸਰਕਾਰ ਦੇ ਕਾਰਜਕਾਲ ਵਾਂਗ ਹੀ ਅਕਾਲੀ - ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਸਮੇਂ ਵੀ ਵਿਦਿਆਰਥੀਆਂ ਨੂੰ ਪੂਰਾ ਵਿੱਦਿਅਕ ਸੈਸ਼ਨ ਲੰਘਣ ਉੱਪਰ ਵੀ ਕਿਤਾਬਾਂ ਨਸੀਬ ਨਹੀਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕੀ ਅੱਜ ਜੋ ਹਾਲ ਪੰਜਾਬ ਦੇ ਵਿੱਦਿਅਕ ਪ੍ਰਬੰਧ ਦਾ ਹੈ ਉਸ ਲਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਤੇ ਕਾਂਗਰਸ ਦੋਨੋਂ ਬਰਾਬਰ ਦੇ ਭਾਗੀਦਾਰ ਹਨ।

ਇਸੇ ਲਈ ਸ਼੍ਰੋਮਣੀ ਅਕਾਲੀ ਦਲ ਇਸ ਮੁਹਿੰਮ ਨਾਲ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗ਼ਲਤੀਆਂ ਤੋਂ ਭੱਜ ਨਹੀਂ ਸਕਦੀ ਕਿਉਂਕਿ ਜੇਕਰ ਉਹ ਹੁਣ ਆਪਣੇ ਖ਼ਰਚ ਉੱਪਰ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾ ਸਕਦੀ ਹੈ ਤਾਂ ਸੱਤਾਂ ਵਿਚ ਹੁੰਦਿਆਂ ਹੋਇਆ ਅਜਿਹਾ ਕਿਉਂ ਨਹੀਂ ਕੀਤਾ ਸੀ? ਇਸ ਦਾ ਸਿੱਧਾ ਮਤਲਬ ਹੈ ਕੀ ਉਨ੍ਹਾਂ ਨੂੰ ਗ਼ਰੀਬ ਦੀ ਯਾਦ ਸਿਰਫ਼ ਉਸ ਸਮੇਂ ਹੀ ਆਉਂਦੀ ਹੈ ਜਦੋਂ ਵੋਟਾਂ ਨਜ਼ਦੀਕ ਹੁੰਦੀਆਂ ਹਨ। 

ਉਨ੍ਹਾਂ ਨਾਲ ਹੀ ਮੰਗ ਕੀਤੀ ਕੀ ਕੈਪਟਨ ਸਰਕਾਰ ਜਲਦ ਤੋਂ ਜਲਦ ਵਿਦਿਆਰਥੀਆਂ ਦੀ ਵਰਦੀਆਂ ਲਈ ਫ਼ੰਡ ਜਾਰੀ ਕਰੇ ਤਾਂ ਕੀ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾ ਸਕਣ।