ਸਰਕਾਰੀ ਸਕੂਲ ਦੇ ਅਧਿਆਪਕ ਨੇ ਖਾਧਾ ਜ਼ਹਿਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਘੁਬਾਇਆ ਦੇ ਸਰਕਾਰੀ ਸਕੂਲ ਦੀ ਘਟਨਾ

Pic

ਫ਼ਾਜ਼ਿਲਕਾ : ਡਿਊਟੀ ਲਗਵਾਉਣਾ ਲਈ ਹੋਏ ਵਿਵਾਦ ਮਗਰੋਂ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਜ਼ਹਿਰ ਖਾ ਲਿਆ ਗਿਆ, ਜਿਸ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਪਿੰਡ ਘੁਬਾਇਆ ਦੇ ਸਰਕਾਰੀ ਸਕੂਲ ਦੀ ਹੈ। ਹਸਪਤਾਲ 'ਚ ਜ਼ੇਰੇ ਇਲਾਜ ਅਧਿਆਪਕ ਗਗਨਦੀਪ ਸਿੰਘ ਦੇ ਭਰਾ ਸੰਜੀਵ ਚੁੱਘ ਫ਼ਾਜ਼ਿਲਕਾ ਨੇ ਦੋਸ਼ ਲਾਇਆ ਹੈ ਕਿ ਸਕੂਲ ਦੇ ਹੀ ਕੁਝ ਅਧਿਆਪਕਾਂ ਦੀਆਂ ਮਨਮਾਨੀਆਂ ਤੋਂ ਪ੍ਰੇਸ਼ਾਨ ਹੋ ਕੇ ਗਗਨਦੀਪ ਨੇ ਜ਼ਹਿਰ ਖਾਧਾ ਹੈ।

ਉਸ ਨੇ ਦੱਸਿਆ ਕਿ ਸਕੂਲ ਛੁੱਟੀ ਹੋਣ ਤੋਂ ਬਾਅਦ ਰਸਤੇ ’ਚ ਗਗਨਦੀਪ ਨੇ ਜ਼ਹਿਰ ਖਾਧਾ ਸੀ। ਉਸ ਨੇ ਦੱਸਿਆ ਕਿ ਗਗਨਦੀਪ ਦਾ ਸਕੂਲ 'ਚ ਹੀ ਕਿਸੇ ਅਧਿਆਪਕ ਦੇ ਨਾਲ ਡਿਊਟੀ ਨੂੰ ਲੈ ਕੇ ਵਿਵਾਦ ਸੀ। ਕੰਪਿਊਟਰ ਅਧਿਆਪਕ ਹੋਣ ਦੇ ਨਾਤੇ ਉਹ ਸੀਨੀਅਰ ਸੈਕੰਡਰੀ ਸਕੂਲ ਅਧੀਨ ਆਉਂਦੇ ਮਿਡਲ ਸਕੂਲਾਂ ’ਚ ਆਪਣੀ ਡਿਊਟੀ ਲਵਾਉਣਾ ਚਾਹੁੰਦਾ ਸੀ ਪਰ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਵੱਲੋਂ ਉਸ ਦੀ ਡਿਊਟੀ ਦੀ ਥਾਂ ਦੂਜੇ ਅਧਿਆਪਕ ਦੀ ਡਿਊਟੀ ਲਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਸਨ। 

ਇਸ ਗੱਲ ਨੂੰ ਲੈ ਕੇ ਗਗਨਦੀਪ ਅਤੇ ਦੂਜੇ ਅਧਿਆਪਕ ਵਿਚਕਾਰ ਵਿਵਾਦ ਸੀ ਅਤੇ ਗਗਨਦੀਪ ਦੀ ਡਿਊਟੀ ਚੋਣਾਂ ਦੌਰਾਨ ਐਸ.ਡੀ.ਐਮ. ਦਫ਼ਤਰ ਲੱਗੀ ਹੋਈ ਸੀ ਅਤੇ ਮੰਗਲਵਾਰ ਨੂੰ ਪ੍ਰੈਕਟੀਕਲ ਲੈਣ ਲਈ ਉਸ ਨੂੰ ਸਕੂਲ ਬੁਲਾਇਆ ਗਿਆ ਸੀ ਪਰ ਸਕੂਲ ਛੁੱਟੀ ਹੋਣ ਤੋਂ ਬਾਅਦ ਉਸ ਨੇ ਜ਼ਹਿਰ ਖਾ ਲਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਰੰਜਨਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਬਾਇਆ ਅਧੀਨ ਮਿਡਲ ਸਕੂਲਾਂ 'ਚ ਬਤੌਰ ਕੰਪਿਊਟਰ ਅਧਿਆਪਕ ਡਿਊਟੀ ਲਾਉਣੀ ਸੀ ਅਤੇ ਇਸ ਲਈ ਸਕੂਲ ਦੇ ਕਿਸੇ ਇਕ ਅਧਿਆਪਕ ਦੀ ਡਿਊਟੀ ਲਗਾ ਦਿੱਤੀ ਗਈ ਸੀ । ਗਗਨਦੀਪ ਵੀ ਡਿਊਟੀ ਲਵਾਉਣਾ ਚਾਹੁੰਦਾ ਸੀ ਪਰ ਉਦੋਂ ਤੱਕ ਆਰਡਰ ਜਾਰੀ ਕਰ ਦਿੱਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਇਲੈਕਸ਼ਨ ਡਿਊਟੀ ਹੋਣ ਕਾਰਨ ਵੀ ਉਨ੍ਹਾਂ ਦਾ ਤਬਾਦਲਾ ਨਹੀਂ ਹੋ ਸਕਦਾ ਸੀ।