ਤੇਜ ਬਹਾਦਰ ਦੀ ਉਮੀਦਵਾਰੀ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਮਜ਼ਦਗੀ ਰੱਦ ਹੋਣ ਵਿਰੁੱਧ ਤੇਜ ਬਹਾਦਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਭਲਕੇ ਵੀਰਵਾਰ ਨੂੰ ਸੁਣਵਾਈ ਕਰੇਗਾ

SC asks EC to re-examine cancellation of Tej Bahadur Yadav candidature

ਨਵੀਂ ਦਿੱਲੀ : ਵਾਰਾਣਸੀ ਤੋਂ ਮਹਾ-ਗਠਜੋੜ ਦੇ ਉਮੀਦਵਾਰ ਤੇਜ ਬਹਾਦਰ ਦੀ ਉਮੀਦਵਾਰੀ ਰੱਦ ਹੋਣ ਦੇ ਮਾਮਲੇ 'ਚ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਨਾਮਜ਼ਦਗੀ ਰੱਦ ਹੋਣ ਵਿਰੁੱਧ ਤੇਜ ਬਹਾਦਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਭਲਕੇ ਵੀਰਵਾਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਸ ਪਟੀਸ਼ਨ 'ਤੇ ਆਪਣਾ ਜਵਾਬ ਦੇਣ ਲਈ ਕਿਹਾ ਹੈ। ਨਾਲ ਹੀ ਅਦਾਲਤ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਤੇਜ ਬਹਾਦਰ ਦੀ ਸ਼ਿਕਾਇਤ 'ਤੇ ਗੌਰ ਕਰ ਕੇ ਜਵਾਬ ਦਿੱਤਾ ਜਾਵੇ।

ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਸੀਟ ਤੋਂ ਤੇਜ ਬਹਾਦਰ ਦੇ ਨਾਮਜ਼ਦਗੀ ਕਾਗ਼ਜ਼ ਰੱਦ ਕਰ ਦਿੱਤੇ ਸਨ, ਜਿਸ ਦੀ ਸ਼ਿਕਾਇਤ ਲੈ ਕੇ ਤੇਜ ਬਹਾਦਰ ਸੁਪਰੀਮ ਕੋਰਟ ਪੁੱਜੇ ਹਨ। ਬੁਧਵਾਰ ਨੂੰ ਸੁਪਰੀਮ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਹੋਈ। ਤੇਜ ਬਹਾਦਰ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਦੇ ਕਾਗ਼ਜ਼ ਖ਼ਾਰਜ ਕਰਨ ਦੇ ਆਦੇਸ਼ ਨੂੰ ਰੱਦ ਕਰ ਕੇ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਵੀਰਵਾਰ ਤਕ ਤੇਜ ਬਹਾਦਰ ਦੀ ਸ਼ਿਕਾਇਤ ਦੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਅਤੇ ਉਸ ਦਾ ਜਵਾਬ ਦੇਣ। ਭਲਕੇ ਤਸਵੀਰ ਸਪਸ਼ਟ ਹੋ ਜਾਵੇਗੀ ਕਿ ਤੇਜ ਬਹਾਦਰ ਚੋਣ ਲੜਨਗੇ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਬੀ.ਐਸ.ਐਫ. 'ਚ ਕਾਂਸਟੇਬਲ ਰਹੇ ਤੇਜ ਬਹਾਦਰ ਖਾਣੇ ਦੀ ਗੁਣਵੱਤਾ 'ਤੇ ਸਵਾਲ ਚੁੱਕਣ ਮਗਰੋਂ ਚਰਚਾ 'ਚ ਆਏ ਸਨ। ਉਨ੍ਹਾਂ ਨੂੰ ਬਾਅਦ 'ਚ ਬੀ.ਐਸ.ਐਫ਼. ਤੋਂ ਬਰਖ਼ਾਸਤ ਕਰ ਦਿੱਤਾ ਸੀ। ਤੇਜ ਬਹਾਦਰ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਮੋਦੀ ਵਿਰੁੱਧ ਚੋਣ ਲੜਨ ਦਾ ਐਲਾਨ ਕੀਤਾ ਸੀ। ਪਹਿਲਾਂ ਤੇਜ ਬਹਾਦਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗ਼ੀ ਕਾਗ਼ਜ਼ ਦਾਖ਼ਲ ਕੀਤੇ ਸਨ ਪਰ ਬਾਅਦ 'ਚ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ।