ਜਾਖੜ ਦੀ ਚੁਣੌਤੀ ’ਤੇ ਸੰਨੀ ਦਾ ਜਵਾਬ, ‘ਮੈਨੂੰ ਸਿਰਫ਼ ਕੰਮ ਕਰਨਾ ਆਉਂਦਾ, ਬਹਿਸ ਨਹੀਂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਖੜ ਨੇ ਸੰਨੀ ਨੂੰ ਸਥਾਨਕ ਮੁੱਦਿਆਂ ’ਤੇ ਬਹਿਸ ਕਰਨ ਦੀ ਦਿਤੀ ਸੀ ਚੁਣੌਤੀ

Sunil Jakhar and Sunny Deol

ਪਠਾਨਕੋਟ: ਲੋਕਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸਾਂਸਦ ਸੁਨੀਲ ਜਾਖੜ ਵਲੋਂ ਸਥਾਨਕ ਮੁੱਦਿਆ ’ਤੇ ਬਹਿਸ ਕਰਨ ਦੀ ਚੁਣੌਤੀ ਦੇਣ ’ਤੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ, ‘ਮੈਨੂੰ ਸਿਰਫ਼ ਕੰਮ ਕਰਨਾ ਆਉਂਦਾ ਹੈ, ਗੱਲਾਂ ਤੇ ਬਹਿਸ ਕਰਨਾ ਨਹੀਂ’। ਸੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਿਆਸਤ ਵਿਚ ਆਉਣ ਬਾਰੇ ਪਹਿਲਾਂ ਕਦੇ ਨਹੀਂ ਸੋਚਿਆ ਸੀ ਤੇ ਉਨ੍ਹਾਂ ਵਲੋਂ ਚੋਣ ਲੜਨ ਦਾ ਫ਼ੈਸਲਾ ਅਚਾਨਕ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣਾ ਹੈ। ਇਸ ਦੌਰਾਨ ਸੰਨੀ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਮੁੱਦਿਆਂ ਨੂੰ ਐਡਰੈੱਸ ਕਰਨ। ਬਹਿਸ ਕਰਨਾ ਜ਼ਰੂਰੀ ਨਹੀਂ, ਬਲਕਿ ਮੁੱਦਿਆਂ ਨੂੰ ਹੱਲ ਕਰਨਾ ਜ਼ਿਆਦਾ ਜ਼ਰੂਰੀ ਹੈ। ਸੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਤੁਹਾਡੇ ਨਾਲ ਖੜਾ ਹਾਂ, ਤੁਸੀਂ ਸਰਕਾਰ ਬਣਾਓ, ਸੈਂਟਰ ਕੋਲੋਂ ਤੁਹਾਡਾ ਹਰ ਕੰਮ ਮੈਂ ਕਰਵਾਊਂਗਾ।’ ਮੁੱਦਿਆਂ ਬਾਰੇ ਬੋਲਦਿਆਂ ਸੰਨੀ ਨੇ ਕਿਹਾ ਕਿ ਉਹ ਹਲਕੇ ਵਿਚ ਨੌਜਵਾਨਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।

ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਵਿਚ ਸੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਭਾਜਪਾ ਵਲੋਂ ਚੋਣ ਲੜਨ ਦਾ ਫ਼ੈਸਲਾ ਕੀਤਾ। ਪਰਿਵਾਰ ਵਲੋਂ ਚੋਣਾਂ ਵਿਚ ਸਮਰਥਨ ਦੇਣ ਬਾਰੇ ਸੰਨੀ ਨੇ ਕਿਹਾ ਕਿ ਪਿਤਾ ਧਰਮਿੰਦਰ ਜਲਦੀ ਹੀ ਇੱਥੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਉਣਗੇ।