12ਵੀਂ ਦੇ ਇਤਿਹਾਸ ਦੀ ਕਿਤਾਬ ਬਾਰੇ ਸਾਡੇ ਸਟੈਂਡ ਦੀ ਪੁਸ਼ਟੀ ਹੋਈ: ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਛੱਤਰ ਛਾਇਆ ਥੱਲੇ ਸਿਖਿਆ ਵਿਭਾਗ ਵਲੋਂ ਤਿਆਰ ਕੀਤੀ ਇਤਿਹਾਸ ਦੀ ਨਵੀਂ ਕਿਤਾਬ ਨੂੰ ਰੱਦ ਕਰ ਕੇ ਪੰਜਾਬ ...

Dr. Daljeet Singh Cheema

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਛੱਤਰ ਛਾਇਆ ਥੱਲੇ ਸਿਖਿਆ ਵਿਭਾਗ ਵਲੋਂ ਤਿਆਰ ਕੀਤੀ ਇਤਿਹਾਸ ਦੀ ਨਵੀਂ ਕਿਤਾਬ ਨੂੰ ਰੱਦ ਕਰ ਕੇ ਪੰਜਾਬ ਅਤੇ ਇਸ ਦੇ ਸਿੱਖ ਇਤਿਹਾਸ ਤੇ ਸਭਿਆਚਾਰ ਨਾਲ ਕੀਤੀ ਜਾ ਰਹੀ ਛੇੜਛਾੜ ਦੀ ਸਾਜ਼ਸ਼ ਨੂੰ ਨਾਕਾਮ ਕਰਨ ਲਈ ਅੱਜ ਛੇ ਮੈਂਬਰੀ ਨਿਗਰਾਨ ਕਮੇਟੀ ਦਾ ਧਨਵਾਦ ਕੀਤਾ ਹੈ। 

ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਸਿਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਬਣਾਈ ਕਮੇਟੀ ਨੇ ਸਾਡੇ ਸਟੈਂਡ ਦੀ ਪੁਸ਼ਟੀ ਕਰ ਦਿਤੀ ਹੈ। ਅਸੀਂ ਇਹੋ ਗੱਲ ਕਹਿੰਦੇ ਆ ਰਹੇ ਹਾਂ ਕਿ ਸਿਖਿਆ ਵਿਭਾਗ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਨੂੰ ਗ਼ਾਇਬ ਕਰਨ ਪਿੱਛੇ ਸਾਡੀਆਂ ਧਾਰਮਕ ਜੜ੍ਹਾਂ ਅਤੇ ਸਭਿਆਚਾਰਕ ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜ਼ਸ਼ ਹੈ।

ਕਮੇਟੀ ਵਲੋਂ ਪੁਰਾਣੀ ਕਿਤਾਬ ਨੂੰ ਜਾਰੀ ਰੱਖਣ ਦਾ ਫ਼ੈਸਲਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਜੀ ਸ਼ਖ਼ਸੀਅਤ ਦੇ ਵਿਕਾਸ ਦੇ ਅਹਿਮ ਪੜਾਅ 'ਤੇ ਸਿੱਖ ਗੁਰੂਆਂ ਬਾਰੇ ਅਧਿਐਨ ਕਰਨ ਤੋਂ ਰੋਕਿਆ ਨਹੀਂ ਜਾਵੇਗਾ।ਡਾਕਟਰ ਚੀਮਾ ਨੇ ਕਿਹਾ ਕਿ ਕਮੇਟੀ ਵਲੋਂ ਨਵੀਂ ਇਤਿਹਾਸ ਦੀ ਕਿਤਾਬ ਰੱਦ ਕੀਤੇ ਜਾਣ ਨਾਲ ਸਿਖਿਆ ਵਿਭਾਗ ਦੇ ਉਨ੍ਹਾਂ ਉੱਚ ਅਧਿਕਾਰੀਆਂ ਦਾ ਪਰਦਾਫ਼ਾਸ਼ ਹੋ ਗਿਆ ਹੈ, ਜਿਨ੍ਹਾਂ ਨੇ ਨਾ ਸਿਰਫ਼ ਇੰਨੀ ਵੱਡੀ ਕੁਤਾਹੀ ਕੀਤੀ ਸੀ, ਸਗੋਂ ਝੂਠੇ ਬਿਆਨ ਦੇ ਕੇ ਅਪਣੇ ਸਟੈਂਡ ਨੂੰ ਸਹੀ ਵੀ ਠਹਿਰਾਇਆ ਸੀ। 

ਉਨ੍ਹਾਂ ਕਿਹਾ ਕਿ ਹੁਣ ਪ੍ਰੋਫ਼ੈਸਰ ਕਿਰਪਾਲ ਸਿੰਘ ਦੀ ਅਗਵਾਈ ਵਿਚ ਬਣੀ ਪ੍ਰੋਫ਼ੈਸਰ ਪ੍ਰਿਥੀਪਾਲ ਕਪੂਰ, ਪ੍ਰੋਫ਼ੈਸਰ ਜੇਐਸ ਗਰੇਵਾਲ, ਪ੍ਰੋਫ਼ੈਸਰ ਇੰਦੂ ਬੰਗਾ, ਆਈਐਸ ਗੋਗੋਈ ਅਤੇ ਬੀਐਸ ਢਿੱਲੋਂ ਆਦਿ ਮੈਂਬਰਾਂ ਵਾਲੀ ਇਹ 6 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਇਸ ਨਤੀਜੇ ਉੱਤੇ ਪੁੱਜੀ ਹੈ ਕਿ ਨਵੀਂ ਇਤਿਹਾਸ ਦੀ ਕਿਤਾਬ ਵਿਚ ਬਹੁਤ ਸਾਰੀਆਂ ਗ਼ਲਤੀਆਂ ਹਨ ਅਤੇ ਇਸ ਨੂੰ ਹਟਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਕਿਤਾਬ ਨੂੰ ਤਿਆਰ ਕਰਵਾਉਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।