ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਰਵਈਏ ਕਾਰਨ ਪੰਜਾਬ ਦੇ ਵਿਕਾਸ ਕਾਰਜ ਠੱਪ ਹੋਏ: ਹਰਸਿਮਰਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਇਥੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਦੀ ਕੌਮੀ ਸੰਸਥਾ ਦੀ 33ਵੇਂ ਸਾਲਾਨਾ ਸਮਾਗਮ ਵਿਚ ਉਚੇਚੇ ਤੌਰ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਏ...

Harsimrat Kaur Badal, At Annual Function of Shiv Shakti Seva

ਬੁਢਲਾਡਾ,   ਅੱਜ ਇਥੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਦੀ ਕੌਮੀ ਸੰਸਥਾ ਦੀ 33ਵੇਂ ਸਾਲਾਨਾ ਸਮਾਗਮ ਵਿਚ ਉਚੇਚੇ ਤੌਰ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਏ। 

ਇਸ ਮੌਕੇ ਉਨ੍ਹਾਂ ਦੇਸ਼ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚੋਂ ਪੁੱਜੇ ਆਗੂਆਂ ਨਾਲ ਗੱਲਬਾਤ ਕਰ ਕੇ ਸ੍ਰੀ ਅੰਰਨਾਥ ਦੀ ਗੁਫਾ ਨੇੜੇ ਬਾਲਟਾਲ ਜੰਮੂ-ਕਸ਼ਮੀਰ ਵਿਖੇ ਲੱਗਣ ਵਾਲੇ ਭੰਡਾਰੇ ਲਈ ਅਪਣਾ ਯੋਗਦਾਨ ਪਾਇਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਐਸ਼ਪ੍ਰਸ਼ਤੀ ਵਿਚ ਰੁਝਿਆ ਹੋਇਆ ਹੈ ਅਤੇ ਖ਼ਜ਼ਾਨਾ ਮੰਤਰੀ ਵਿਕਾਸ ਲਈ ਇਕ ਨਵਾਂ ਪੈਸਾ ਵੀ ਖ਼ਰਚ ਕਰ ਕੇ ਵੀ ਰਾਜ਼ੀ ਨਹੀਂ। ਇਨ੍ਹਾਂ ਦੋਹਾਂ ਦੇ ਰਵਈਆ ਕਾਰਨ ਪੰਜਾਬ ਦੇ ਵਿਕਾਸ ਕੰਮ ਠੱਪ ਹੋ ਕੇ ਰਹਿ ਗਏ ਹਨ। 

ਬੀਬੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਕੰਜੂਸੀ ਭਰਿਆ ਸੁਭਾਅ ਰਿਹਾ ਹੈ। ਇਸ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿੱਤ ਮੰਤਰੀ ਹੁੰਦਿਆਂ ਕਿਸਾਨੀ ਬਿਜਲੀ ਪਾਣੀ ਦੀਆਂ ਬੇਲੋੜੀਆਂ ਸਲਾਹਾਂ ਦੇ ਕੇ ਸਰਕਾਰ ਨੂੰ ਫ਼ੇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸ. ਬਾਦਲ ਨੇ ਇਸ ਦੀ ਨੀਅਤ ਨੂੰ ਮੌਕੇ 'ਤੇ ਸਮਝ ਕੇ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿਤਾ ਸੀ। ਉਨ੍ਹਾਂ ਕਿਹਾ ਕਿ ਇਹ ਸੱਭ ਨੂੰ ਦੇਖਦਿਆਂ ਲੋਕ ਮੁੜ ਤੋਂ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸ਼ਿਵ ਸ਼ਕਤੀ ਸੇਵਾ ਮੰਡਲ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਤੋਂ ਇਲਾਵਾ ਵੱਖ-ਵੱਖ ਦੇਸ਼ ਦੀਆਂ ਸ਼ਾਖ਼ਾਵਾਂ ਵਿਚੋਂ ਪਹੁੰਚੇ ਆਗੂਆਂ ਨੇ ਬੀਬੀ ਬਾਦਲ ਨੂੰ ਫੁੱਲਕਾਰੀ ਦੇ ਕੇ ਸਨਮਾਨਤ ਕੀਤਾ।