ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਅਪਣੇ ਕੰਮ ’ਚ ਲਿਆਂਦੀ ਪਾਰਦਰਸ਼ਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਹੁਣ ਮੈਰਿਟ ਅਧਾਰ ’ਤੇ ਕੀਤੀ ਜਾਵੇਗੀ

SSSB

ਚੰਡੀਗੜ੍ਹ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਸਿਸਟਮ ਵਿਚਲੀ ਜਟਿਲਤਾ ਨੂੰ ਖ਼ਤਮ ਕਰਕੇ ਅਪਣੀ ਤਰ੍ਹਾਂ ਦੀ ਵੱਖਰੀ ਪਹਿਲਕਦਮੀ ਕੀਤੀ ਹੈ, ਜਿਸ ਅਨੁਸਾਰ ਹੁਣ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ ’ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਸੂਬਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਲਈ ਗਰੁੱਪ ਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆਵਾਂ ਦਾ ਪ੍ਰਬੰਧ ਕਰਦਾ ਹੈ।

ਇਸ ਤੋਂ ਪਹਿਲਾਂ ਪ੍ਰੀਖਿਆ ਤੋਂ ਬਾਅਦ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਦੀ ਕੋਈ ਢੁਕਵੀਂ ਤਰਤੀਬ ਨਹੀਂ ਸੀ। ਇਸ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਦੀ ਘਾਟ ਸੀ ਅਤੇ ਇਸ ਲਈ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਅਲਾਟਮੈਂਟ ਪ੍ਰਤੀ ਸ਼ੱਕ ਰਹਿੰਦਾ ਸੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਨਿਰਪੱਖ, ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੋਣ ਵਿਚ ਵਿਸ਼ਵਾਸ਼ ਰੱਖਦੇ ਆਏ ਹਨ।

ਨੌਜਵਾਨਾਂ ਪ੍ਰਤੀ ਉਨਾਂ ਦੀ ਚਿੰਤਾ ਅਤੇ ਵਚਨਬੱਧਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਬੋਰਡ ਦੁਆਰਾ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ ’ਤੇ ਵਿਭਾਗਾਂ ਦੀ ਵੰਡ ਦੀ ਮੰਗ ਕੀਤੀ। ਸ੍ਰੀ ਬਹਿਲ ਨੇ ਕਿਹਾ ਕਿ ਜਿਸ ਤਰਾਂ ਸਿਵਲ ਸਰਵਿਸਜ਼ ਪ੍ਰੀਖਿਆਵਾਂ ਵਿਚ ਉਮੀਦਵਾਰਾਂ ਨੂੰ ਉਨਾਂ ਨੂੰ ਅਪਣੀ ਇੱਛਾ ਅਨੁਸਾਰ ਕੇਡਰ ਦੀ ਅਲਾਟਮੈਂਟ ਲਈ ਪੁੱਛਿਆ ਜਾਂਦਾ ਹੈ, ਉਸੇ ਤਰਾਂ ਐਸ.ਐਸ. ਬੋਰਡ ਦੁਆਰਾ ਲਿਖਤੀ ਪ੍ਰੀਖਿਆਵਾਂ ਜ਼ਰੀਏ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਹੁਣ ਅਪਣੀ ਪਸੰਦ ਦੇ ਵਿਭਾਗ ਦੀ ਚੋਣ ਦਾ ਮੌਕਾ ਮਿਲੇਗਾ।

ਉਨਾਂ ਦੱਸਿਆ ਕਿ ਕਲਰਕਾਂ ਅਤੇ ਸਟੈਨੋ ਟਾਇਪਿਸਟ ਲਈ ਚੋਣ ਲਈ ਕ੍ਰਮਵਾਰ 48 ਅਤੇ 28 ਵਿਭਾਗ ਹਨ। ਇਨ੍ਹਾਂ ਵਿਭਾਗਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ, ਜਿਸ ਵਿਚੋਂ ਹਰੇਕ ਉਮੀਦਵਾਰ ਨੂੰ 6 ਵਿਕਲਪ ਚੁਣਨ ਦੀ ਆਗਿਆ ਦਿਤੀ ਗਈ ਹੈ। ਪ੍ਰੀਖਿਆ ਵਿਚ ਪਾਸ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੁਆਰਾ ਦਿੱਤੀਆਂ ਆਪਸ਼ਨਜ਼ ਅਨੁਸਾਰ ਵਿਭਾਗਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਮੈਰਿਟ ਲਿਸਟ ਵਿਚ ਟੌਪ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਚੋਣ ਕਰਨ ਦਾ ਮੌਕਾ ਦਿਤਾ ਜਾਂਦਾ ਹੈ। 

ਇਸ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਹਿਲ ਨੇ ਦੱਸਿਆ ਕਿ ਐਸ.ਐਸ. ਬੋਰਡ ਵਲੋਂ 1883 ਕਲਰਕਾਂ ਅਤੇ 403 ਸਟੈਨੋ ਟਾਇਪਿਸਟਾਂ ਦੀ ਭਰਤੀ ਲਈ ਪ੍ਰੀਖਿਆ ਲਈ ਗਈ ਹੈ। ਕਲਰਕ ਦੀਆਂ ਅਸਾਮੀਆਂ ਲਈ ਕਾਉਂਸਲਿੰਗ 10 ਜੂਨ ਤੋਂ ਸ਼ੁਰੂ ਹੋ ਗਈ ਹੈ। ਕਾਉਂਸਲਿੰਗ ਦੌਰਾਨ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਲਿਸਟ ਅਨੁਸਾਰ 50 ਦੇ ਬੈਚ ਵਿਚ ਐਸ.ਐਸ. ਬੋਰਡ ਦੇ ਦਫ਼ਤਰ ਬੁਲਾਇਆ ਜਾਂਦਾ ਹੈ। ਇੱਥੇ ਉਮੀਦਵਾਰ ਅਪਣੀ ਪਸੰਦ ਦੇ ਵਿਭਾਗਾਂ ਦਾ ਜ਼ਿਕਰ ਕਰਦੇ ਹਨ ਅਤੇ ਖ਼ਾਲੀ ਅਸਾਮੀ ਅਨੁਸਾਰ ਉਨ੍ਹਾਂ ਨੂੰ ਵਿਭਾਗ ਅਲਾਟ ਕਰ ਦਿਤੇ ਜਾਂਦੇ ਹਨ।

ਅਲਾਟਮੈਂਟ ਤੋਂ ਬਾਅਦ ਪ੍ਰਤੀ ਦਿਨ ਵਿਭਾਗ ਵਲੋਂ ਖ਼ਾਲੀ ਪਈਆਂ ਉਪਲੱਬਧ ਅਸਾਮੀਆਂ ਦੀ ਸੂਚੀ ਅਪਡੇਟ ਕੀਤੀ ਜਾਂਦੀ ਹੈ ਤਾਂ ਜੋ ਅਗਲੇ ਬੈਚ ਦੇ ਉਮੀਦਵਾਰਾਂ ਨੂੰ ਉਪਲੱਬਧ ਆਪਸ਼ਨਜ਼ ਦਾ ਪਹਿਲਾਂ ਹੀ ਪਤਾ ਹੋਵੇ। ਚੇਅਰਮੈਨ ਨੇ ਕਿਹਾ, “ਇਸ ਨਵੀਂ ਪ੍ਰਣਾਲੀ ਵਿਚ ਇਸ ਨਾਲ ਨਾ ਸਿਰਫ਼ ਮੈਰਿਟ ਅਧਾਰ ’ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ ਸਗੋਂ ਇਸ ਕਦਮ ਨਾਲ ਇਸ ਪ੍ਰਣਾਲੀ ਦੀ ਨਿਰਪੱਖਤਾ ਵਿਚ ਵੀ ਨੌਜਵਾਨਾਂ ਦਾ ਭਰੋਸਾ ਬੱਝੇਗਾ।”

ਇਸ ਦੇ ਨਾਲ ਹੀ ਇਸ ਨਾਲ ਮੁਕੱਦਮੇਬਾਜ਼ੀ ਵੀ ਘਟੇਗੀ ਕਿਉਂ ਜੋ ਇਸ ਵਿਚ ਐਸ.ਐਸ.ਐਸ.ਬੀ. ਅਥਾਰਟੀਆਂ ਦੀ ਕੋਈ ਮਰਜ਼ੀ ਨਹੀਂ ਹੋਵੇਗੀ ਅਤੇ ਹਰੇਕ ਉਮੀਦਵਾਰ ਉਸ ਨੂੰ ਦਿਤੇ ਗਏ ਵਿਭਾਗ ਸਬੰਧੀ ਸੁਚੇਤ ਹੋਵੇਗਾ। ਚੋਣ ਪ੍ਰਕਿਰਿਆ ਵਿਚ ਹੋਰ ਸੋਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਲਰਕ ਦੀ ਅਸਾਮੀਆਂ ਲਈ ਰੱਖੇ ਟਾਇਪਿੰਗ ਟੈਸਟ ਦਾ ਕੰਪਿਊਟਰਾਈਜ਼ਡ ਨਤੀਜਾ ਟੈਸਟ ਮੁਕੰਮਲ ਹੋਣ ਤੋਂ ਬਾਅਦ ਹੁਣ ਮੌਕੇ ’ਤੇ ਹੀ ਉਪਲੱਬਧ ਹੁੰਦਾ ਹੈ, ਜਿਸ ਵਿਚ ਟਾਇਪਿੰਗ ਸਪੀਡ ਅਤੇ ਗਲਤੀਆਂ ਦੀ ਮੁਕੰਮਲ ਜਾਣਕਾਰੀ ਦਿਤੀ ਜਾਂਦੀ ਹੈ। 

ਐਸ.ਐਸ. ਬੋਰਡ ਦੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਅਮਰਬੀਰ ਸਿੱਧੂ, ਸਕੱਤਰ ਪੰਜਾਬ ਐਸ.ਐਸ.ਐਸ.ਬੀ. ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੋਰਡ ਦੇ ਕਰਮਚਾਰੀਆਂ ਦੀ ਜ਼ਿਆਦਾਤਰ ਊਰਜਾ ਅਤੇ ਸਮਾਂ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਸਬੰਧੀ ਆਰ.ਟੀ.ਆਈ. ਸਵਾਲਾਂ ਅਤੇ ਅਸੰਤੁਸ਼ਟ ਉਮੀਦਵਾਰਾਂ ਵਲੋਂ ਅਦਾਲਤਾਂ ਵਿਚ ਦਾਇਰ ਕੇਸਾਂ ਦੇ ਜਵਾਬ ਦੇਣ ਵਿਚ ਵਿਅਰਥ ਜਾਂਦਾ ਸੀ ਪਰ ਹੁਣ ਨਵੀਂ ਪ੍ਰਣਾਲੀ ਵਿਚ ਅਲਾਟਮੈਂਟ ਪ੍ਰਕਿਰਿਆ ਪਾਰਦਰਸ਼ੀ ਬਣਾਈ ਗਈ ਹੈ।

ਹੁਣ ਉਮੀਦਵਾਰ ਦਾ ਨਤੀਜਾ ਰੋਕ ਕੇ ਰੱਖਣ ਦਾ ਕਾਰਨ ਵੀ ਵੈੱਬਸਾਈਡ ’ਤੇ ਡਿਸਪਲੇ ਕੀਤਾ ਜਾਵੇਗਾ ਅਤੇ ਉਸ ਨੂੰ ਇਤਰਾਜ਼ ਦਾ ਜਵਾਬ ਦੇਣ ਅਤੇ ਇਸ ਨੂੰ ਹਟਾਏ ਜਾਣ ਲਈ ਢੁੱਕਵਾਂ ਸਮਾਂ ਦਿਤਾ ਜਾਵੇਗਾ। ਸਿੱਧੂ ਨੇ ਅੱਗੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਸੋਧ ਨਾਲ ਗਲਤਫ਼ਹਿਮੀ ਘਟ ਜਾਵੇਗੀ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਪ੍ਰਦਰਸ਼ਨ ਵਿਚ ਵਧੇਰੇ ਕੁਸ਼ਲਤਾ ਆਵੇਗੀ।