ਹਰ ਪੁਲਿਸ ਮੁਲਾਜ਼ਮ ਦੀ ਸੇਵਾਮੁਕਤੀ ਤੋਂ ਪਹਿਲਾਂ ਲੱਗੇਗੀ ਥਾਣੇਦਾਰ ਦੀ ਫ਼ੀਤੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ 'ਇਕ ਰੈਂਕ ਅੱਪ ਪ੍ਰਮੋਸ਼ਨ ਸਕੀਮ'...........
ਜਹਾਨ ਖੇਲਾਂ (ਹੁਸ਼ਿਆਰਪੁਰ/ ਗੜ੍ਹਦੀਵਾਲਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ 'ਇਕ ਰੈਂਕ ਅੱਪ ਪ੍ਰਮੋਸ਼ਨ ਸਕੀਮ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲਿਸ ਵਿਚ ਤਾਇਨਾਤ ਕੋਈ ਵੀ ਕਰਮਚਾਰੀ ਏ.ਐਸ.ਆਈ. ਦੇ ਅਹੁਦੇ 'ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾ-ਮੁਕਤ ਨਹੀਂ ਹੋਵੇਗਾ। ਮੁੱਖ ਮੰਤਰੀ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਸਿਖਲਾਈ ਹਾਸਲ ਕਰ ਚੁੱਕੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ 'ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਪੁਲਿਸ ਵਿਚ ਹੈੱਡ ਕਾਂਸਟੇਬਲ ਅਤੇ ਨਾਨ-ਗਜ਼ਟਿਡ ਅਫ਼ਸਰਾਂ ਦੇ ਰੈਂਕਾਂ ਵਿਚ ਖੜੋਤ ਆ ਜਾਣ ਕਾਰਨ ਫ਼ੋਰਸ ਵਿਚ ਨਿਰਾਸ਼ਾ ਵਧ ਰਹੀ ਸੀ ਕਿਉਂਕਿ ਬਹੁਤ ਸਾਰੇ ਅਹੁਦੇ ਖ਼ਾਲੀ ਪਏ ਹੋਣ ਅਤੇ ਯੋਗ ਪੁਲੀਸ ਮੁਲਾਜ਼ਮ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਦਉਨਤੀ ਨਹੀਂ ਮਿਲ ਰਹੀ ਸੀ।
ਮੁੱਖ ਮੰਤਰੀ ਨੇ ਤਰੱਕੀ ਕਰਨ ਵਾਲੇ 14 ਨਵੇਂ ਪੁਲਿਸ ਅਧਿਕਾਰੀਆਂ ਦੇ ਮੋਢਿਆਂ 'ਤੇ ਸਟਾਰ ਲਗਾਏ। ਇਸ ਸਕੀਮ ਤਹਿਤ 16 ਸਾਲਾਂ ਦੀ ਨੌਕਰੀ ਤੋਂ ਬਾਅਦ ਹੈਡਕਾਂਸਟੇਬਲ ਤੋਂ ਅਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ.), 24 ਸਾਲ ਦੀ ਨੌਕਰੀ ਤੋਂ ਅਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ) ਤੋਂ ਸਬ-
ਇੰਸਪੈਕਟਰ (ਐਸ.ਆਈ.) ਅਤੇ 30 ਸਾਲ ਦੀ ਨੌਕਰੀ ਤੋਂ ਬਾਅਦ ਸਬ ਇੰਸਪੈਕਟਰ (ਐਸ.ਆਈ.) ਤੋਂ ਇੰਸਪੈਕਟਰ ਦੇ ਤੌਰ 'ਤੇ ਤਰੱਕੀ ਦਾ ਉਪਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 9 ਮਹੀਨਿਆਂ ਦੀ ਸਖਤ ਟਰੇਨਿੰਗ ਤੋਂ ਬਾਅਦ ਪਾਸ ਆਊਟ ਕਰ ਚੁੱਕੇ 255ਵੇਂ ਬੈਚ ਦੇ ਜਵਾਨਾਂ ਵੱਲੋਂ ਸ਼ਾਨਦਾਰ ਸਲਾਮੀ ਦਿੱਤੀ ਗਈ। ਇਨਡੋਰ ਵਿਸ਼ੇ ਵਿਚ ਓਵਰ ਆਲ ਟਾਪਰ ਰਹੇ ਫ਼ਾਜ਼ਿਲਕਾ ਦੇ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਆਊਟਡੋਰ ਵਿਸ਼ੇ ਵਿਚ ਟਾਪਰ ਰਹੇ ਲੁਧਿਆਣਾ ਦੇ ਸੁਰਿੰਦਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਪਾਸਿੰਗ ਆਊਟ ਦੇ ਪਰੇਡ ਕਮਾਂਡਰ ਬਲਜੀਤ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ।
ਮੁੱਖ ਮੰਤਰੀ ਨੇ ਸੈਂਟਰ ਦੇ ਉਪ ਜ਼ਿਲ੍ਹਾ ਅਟਾਰਨੀ ਕੰਵਲਪ੍ਰੀਤ ਸਿੰਘ, ਡੀ.ਐਸ.ਪੀ. ਹਰਜੀਤ ਸਿੰਘ ਅਤੇ ਮਲਕੀਤ ਸਿੰਘ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਰਾਣਾ ਗੁਰਜੀਤ ਸਿੰਘ, ਸੁੰਦਰ ਸ਼ਾਮ ਅਰੋੜਾ, ਰਵੀਨ ਠੁਕਰਾਲ, ਐਮ.ਕੇ. ਤਿਵਾੜੀ, ਸ਼ਸ਼ੀ ਪ੍ਰਭਾ ਦਿਵੇਦੀ, ਵਿਪੁਲ ਉਜਵਲ, ਜੇ. ਏਲਨਚੇਲੀਅਨ, ਸੰਗਤ ਸਿੰਘ ਗਿਲਜੀਆਂ, ਰਜਨੀਸ਼ ਕੁਮਾਰ ਬੱਬੀ, ਅਰੁਣ ਕੁਮਾਰ ਡੋਗਰਾ, ਡਾ. ਰਾਜ ਕੁਮਾਰ, ਪਵਨ ਕੁਮਾਰ ਆਦੀਆ, ਅਮਰਪ੍ਰੀਤ ਸਿੰਘ ਲਾਲੀ ਸੰਤੋਸ਼ ਚੌਧਰੀ ਆਦਿ ਹਾਜ਼ਰ ਸਨ।