ਨਸ਼ਿਆਂ ਦੀ ਸਪਲਾਈ ਲਾਈਨ ਤੋੜੀ, ਡੀਮਾਂਡ ਲਾਈਨ ਵੀ ਤੋੜਾਂਗੇ : ਬ੍ਰਹਮ ਮਹਿੰਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਨਸ਼ਿਆਂ ਦੀ 'ਸਪਲਾਈ ਲਾਈਨ' ਤੋੜ ਦਿਤੀ ਗਈ ਹੈ..........

Brahm Mohindra Distributing ORS Packets

ਪਟਿਆਲਾ : ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਨਸ਼ਿਆਂ ਦੀ 'ਸਪਲਾਈ ਲਾਈਨ' ਤੋੜ ਦਿਤੀ ਗਈ ਹੈ ਅਤੇ ਹੁਣ 'ਡੀਮਾਂਡ ਲਾਈਨ' ਵੀ ਖ਼ਤਮ ਕਰਨ ਦੇ ਯਤਨ ਜੰਗੀ ਪੱਧਰ 'ਤੇ ਅਰੰਭੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਦੀ ਆਦਤ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਕਰ ਕੇ ਹੁਨਰ ਵਿਕਾਸ ਰਾਹੀਂ ਉਨ੍ਹਾਂ ਦੇ ਪੁਨਰ ਵਸੇਬੇ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਖੇਤਰਾਂ 'ਚ ਨੌਕਰੀਆਂ ਦੇ ਮੌਕੇ ਵੀ ਮੁਹਈਆ ਕਰਵਾਏਗੀ।
'ਤੇਜ਼ ਦਸਤ ਰੋਕੂ ਪੰਦਰਵਾੜੇ' ਦੀ ਸ਼ੁਰੂਆਤ ਮੌਕੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਕਰਵਾਏ ਗਏ ਰਾਜ ਪਧਰੀ ਸਮਾਰੋਹ 'ਚ ਬ੍ਰਹਮ ਮਹਿੰਦਰਾ ਨੇ

ਪੰਜਾਬ ਵਾਸੀਆਂ ਨੂੰ ਸੱਦਾ ਦਿਤਾ ਕਿ ਉਹ ਨਸ਼ਿਆਂ ਦੇ ਸ਼ਿਕਾਰ ਵਿਅਕਤੀ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਦੀ ਥਾਂ ਉੁਸ ਨੂੰ ਇਲਾਜ ਲਈ ਪੰਜਾਬ ਸਰਕਾਰ ਦੇ 88 ਨਸ਼ਾ ਮੁਕਤੀ ਕੇਂਦਰਾਂ 'ਚ ਇਲਾਜ ਲਈ ਦਾਖ਼ਲ ਕਰਵਾਉਣ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸੌਂਹ ਪੂਰੀ ਕਰਦਿਆਂ ਸੂਬੇ ਅੰਦਰ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਐਸ.ਟੀ.ਐਫ. ਦਾ ਗਠਨ ਕੀਤਾ ਜਿਸ ਕਰ ਕੇ ਸਮੱਗਲਰ ਜਾਂ ਸ਼ਹਿਰ ਛੱਡ ਗਏ ਜਾਂ ਜੇਲਾਂ 'ਚ ਬੰਦ ਹਨ। ਹੁਣ ਨਸ਼ਿਆਂ ਦੀ ਮੰਗ ਵੀ ਖ਼ਤਮ ਕਰਨ ਲਈ ਨਸ਼ਿਆਂ 'ਚ ਗ਼ਲਤਾਨ ਵਿਅਕਤੀਆਂ ਦੇ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਮੰਤਰੀ ਨੇ ਦਸਿਆ ਕਿ

ਸਰਕਾਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਪੁਰਾਣਾ ਰੁਤਬਾ ਬਹਾਲ ਕਰਵਾਏਗੀ ਅਤੇ ਮਾਤਾ ਕੌਸ਼ੱਲਿਆ ਹਸਪਤਾਲ 'ਚ ਹੋਰ ਸਹੂਲਤਾਂ ਵਧਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਦਸਤ ਰੋਕੂ ਪੰਦਰਵਾੜੇ ਤਹਿਤ ਬੱਚਿਆਂ ਦੀ ਮੌਤਾਂ ਰੋਕਣ ਲਈ ਘਰ-ਘਰ ਓ.ਆਰ.ਐਸ. ਦੇ ਪੈਕੇਟ ਤੇ ਜ਼ਿੰਕ ਦੀਆਂ ਗੋਲੀਆਂ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਸਿਹਤ ਮੰਤਰੀ ਨੇ ਓ.ਆਰ.ਐਸ. ਦੇ ਪੈਕਟ ਵੰਡੇ ਅਤੇ ਹਸਪਤਾਲ 'ਚ ਓ.ਆਰ.ਐਸ. ਤੇ ਜ਼ਿੰਕ ਕੋਨੇ ਦੀ ਸ਼ੁਰੂਆਤ ਕਰਵਾਈ। ਜਦੋਂਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਤਹਿਤ ਬੂਟੇ ਵੀ ਵੰਡੇ ਗਏ। ਇਸ ਮੌਕੇ ਮਾਤਾ ਕੌਸ਼ੱਲਿਆ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ

ਨੇ ਦਸਤ ਰੋਕੂ ਜਾਗਰੂਕਤਾ ਲਈ ਨਾਟਕ ਵੀ ਪੇਸ਼ ਕੀਤਾ। ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਰੇਸ਼ ਕਾਂਸਰਾ ਨੇ ਦਸਿਆ ਕਿ ਇਸ ਪੰਦਰਵਾੜੇ ਨੂੰ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਫ਼ਲ ਬਣਾਇਆ ਜਾਵੇਗਾ। ਇਸ ਮੌਕੇ ਡਾ. ਅਨੂ ਦੋਸਾਂਝ, ਡਾ. ਹਰੀਸ਼ ਮਲਹੋਤਰਾ, ਵਿੰਤੀ ਸੰਗਰ, ਸੰਤ ਬਾਂਗਾ, ਨੰਦ ਲਾਲ ਗੁਰਾਬਾ, ਹਰਦੀਪ ਸਿੰਘ ਖਹਿਰਾ ਸਮੇਤ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Related Stories