ਜ਼ਮੀਨੀ ਵਿਵਾਦ ਕਾਰਨ 16 ਸਾਲਾ ਲੜਕੇ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਇਨਸਾਫ਼ ਦਾ ਭਰੋਸਾ ਦਿਲਵਾਇਆ

Gurpreet Singh

ਗੁਰਦਾਸਪੁਰ: ਜ਼ਮੀਨੀ ਵਿਵਾਦ ਕਾਰਨ ਲੜਾਈ ਝਗੜੇ ਦੋ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ ਪਰ ਇਸ ਵਿਵਾਦ ਕਾਰਨ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ। ਪਿੰਡ ਭੁਗਣਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਹੀ ਕੁਝ ਲੋਕਾਂ ਨੇ 16 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ 'ਤੇ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਤੇ ਉਸਦੇ ਪਿਤਾ ਦਿਲਬਾਗ ਸਿੰਘ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ।

ਇਸੇ ਦੌਰਾਨ ਪਿੰਡ ਦੇ ਕੁਝ ਹਥਿਆਰਬੰਦ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਘਟਨਾ ਵਿਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਤੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਵਿਚ 12 ਕਿੱਲੇ ਜ਼ਮੀਨ ਹੈ।

ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚੋਂ ਇੱਕ ਪੁਲਿਸ ਮੁਲਾਜ਼ਮ ਹੈ ਤੇ ਇੱਕ ਸਾਬਕਾ ਫੌਜੀ ਹੈ। ਉਨ੍ਹਾਂ ਦਾ ਪਹਿਲਾਂ ਵੀ ਕਈ ਵਾਰ ਖੇਤ ਦੀ ਵੱਟ ਨੂੰ ਲੈ ਕੇ ਝਗੜਾ ਹੋ ਚੁੱਕਾ ਹੈ। ਕੱਲ੍ਹ ਦੇਰ ਸ਼ਾਮ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤੇ ਗੁਰਪ੍ਰੀਤ ਖੇਤ ਦੀ ਵੱਟ ਪਾ ਰਿਹਾ ਸੀ ਇਸੇ ਦੌਰਾਨ ਪੰਮਾ, ਰਤਨ, ਸੁੱਖਾ 'ਤੇ ਸੰਨੀ ਨੇ ਆ ਕੇ ਉਸ ਉੱਪਰ ਹਮਲਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਸੁੱਖੇ ਨੇ ਗੁਰਪ੍ਰੀਤ ਉੱਪਰ ਕਿਰਚ ਨਾਲ 6 ਵਾਰ ਕੀਤੇ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਉਸ ਦੇ ਪਿਤਾ ਦਿਲਬਾਗ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੇ ਕਿਸੇ ਤਰਾਂ ਭੱਜ ਕੇ ਆਪਣੀ ਜਾਨ ਬਚਾ ਲਈ। ਪਰਿਵਾਰ ਵਾਲਿਆਂ ਨੇ ਦੋਸ਼ੀਆਂ ਉਪਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਵੀ ਇਨਸਾਫ਼ ਦਾ ਭਰੋਸਾ ਦਿੱਤਾ ਹੈ।