ਅਧੀਨ ਸੇਵਾਵਾਂ ਚੋਣ ਬੋਰਡ ਨੇ 1648 ਕਲਰਕਾਂ ਨੂੰ ਕੀਤੀ ਵਿਭਾਗਾਂ ਦੀ ਵੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਭਾਗਾਂ ਦੀ ਵੰਡ ਉਮੀਦਵਾਰਾਂ ਦੀ ਪਸੰਦ ਦੇ ਆਧਾਰ 'ਤੇ ਕੀਤੀ- ਬਹਿਲ

Raman Behal

ਚੰਡੀਗੜ੍ਹ: ਸੂਬਾ ਸਰਕਾਰ ਦੇ 48 ਵੱਖ-ਵੱਖ ਵਿਭਾਗਾਂ ਵਿਚ ਕਲਰਕ ਦੀਆਂ ਅਸਾਮੀਆਂ ਲਈ ਸ਼ਾਰਟਲਿਸਟਡ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਦਿਆਂ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਐਸ.ਬੀ.) ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਬੋਰਡ ਵਲੋਂ ਉਮੀਦਵਾਰਾਂ ਦੀ ਪਸੰਦ ਦੇ ਅਧਾਰ 'ਤੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਇਸ ਪ੍ਰਕਿਰਿਆ 'ਤੇ ਚਾਨਣਾ ਪਾਉਂਦਿਆਂ ਬਹਿਲ ਨੇ ਕਿਹਾ ''ਪੰਜਾਬ ਸਰਕਾਰ ਨੇ ਸਿਫ਼ਾਰਿਸ਼ ਅਤੇ ਪਹੁੰਚ ਦੇ ਦੌਰ ਦਾ ਖ਼ਾਤਮਾ ਕੀਤਾ ਹੈ। ਇੱਥੇ ਸਿਫ਼ਾਰਿਸ਼ ਲਈ ਕੋਈ ਥਾਂ ਨਹੀਂ ਹੈ।''

ਉਨ੍ਹਾਂ ਦੱਸਿਆ ਇਸ ਕਦਮ ਨਾਲ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਅਪਣੀ ਮਰਜ਼ੀ ਨਾਲ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਦਾ ਅਧਿਕਾਰ ਖ਼ਤਮ ਹੋ ਗਿਆ ਹੈ। ਇਸ ਪ੍ਰਕਿਰਿਆ ਵਿਚ ਮੁਕੰਮਲ ਪਾਰਦਰਸ਼ਿਤਾ ਲਿਆਉਂਦਿਆਂ ਉਮੀਦਵਾਰਾਂ ਨੂੰ ਅਪਣੀ ਪਸੰਦ ਦੇ ਆਧਾਰ 'ਤੇ ਵਿਭਾਗਾਂ ਦੀ ਚੋਣ ਦਾ ਮੌਕਾ ਦਿਤਾ ਗਿਆ। ਮੈਰਿਟ ਸੂਚੀ ਵਿਚਲੀ ਦਰਜਾਬੰਦੀ ਦੇ ਅਧਾਰ 'ਤੇ ਉਮੀਦਵਾਰਾਂ ਨੂੰ ਅਪਣੀ ਪਸੰਦ ਦੇ ਵਿਭਾਗ ਦੀ ਚੋਣ ਕਰਨ ਦਾ ਮੌਕਾ ਦਿਤਾ ਗਿਆ।

ਪਹਿਲਾ ਰੈਂਕ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਅਤੇ ਫਿਰ ਮੈਰਿਟ ਸੂਚੀ ਵਿਚ ਅਪਣੀ ਪੁਜੀਸ਼ਨ ਦੇ ਅਧਾਰ 'ਤੇ ਹੋਰਨਾਂ ਨੂੰ ਵਿਭਾਗ ਦੀ ਚੋਣ ਦਾ ਮੌਕਾ ਮਿਲਿਆ। ਚੇਅਰਮੈਨ ਨੇ ਦੱਸਿਆ ਕਿ ਐਸ.ਐਸ.ਐਸ. ਬੋਰਡ ਵਲੋਂ ਵਿਭਾਗਾਂ ਦੀ ਵੰਡ ਸਬੰਧੀ ਸੂਚੀ ਕੌਂਸਲਿੰਗ ਸਮੇਂ ਉਮੀਦਵਾਰਾਂ ਵਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ ਅਤੇ ਇਹ ਸੂਚੀ ਹੁਣ ਬੋਰਡ ਦੀ ਸਰਕਾਰੀ ਵੈੱਬਸਾਈਟ ( http://www.punjabsssb.gov.in),'ਤੇ ਉਪਲੱਬਧ ਹੈ।

ਜ਼ਿਕਰਯੋਗ ਹੈ ਕਿ ਐਸ.ਐਸ.ਐਸ. ਬੋਰਡ ਵਲੋਂ ਕਲਰਕਾਂ ਦੀਆਂ 1883 ਅਸਾਮੀਆਂ ਲਈ ਇਸ਼ਤਿਹਾਰ ਦਿਤਾ ਗਿਆ ਸੀ, ਜਿਸ ਲਈ 46798 ਉਮੀਦਵਾਰਾਂ ਨੇ ਅਪਲਾਈ ਕੀਤਾ। 10300 ਉਮੀਦਵਾਰਾਂ ਨੇ ਲਿਖਤੀ ਪ੍ਰਖਿਆ ਵਿੱਚ ਕੁਆਲੀਫਾਈ ਕੀਤਾ ਜਿਸ ਵਿਚ ਘੱਟੋ-ਘੱਟ 33 ਫੀਸਦੀ ਪਾਸ ਅੰਕ ਰੱਖੇ ਗਏ ਸਨ। ਇਸ ਤੋਂ ਬਾਅਦ 4279 ਉਮੀਦਵਾਰਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਟਾਇਪਿੰਗ ਟੈਸਟ ਪਾਸ ਕੀਤਾ ਅਤੇ ਫਿਰ ਸਰਟੀਫਿਕੇਟਾਂ ਦੀ ਜਾਂਚ ਲਈ ਕਾਊਂਸਲਿੰਗ ਕੀਤੀ ਗਈ।

ਪ੍ਰੀ-ਅਲਿਜ਼ਈਬਿਲਟੀ ਲਿਸਟ (ਇਤਰਾਜ਼ ਦੀ ਮੰਗ ਲਈ, ਜੇ ਕੋਈ ਹੋਵੇ) ਮਾਰਚ 2019 ਵਿਚ ਜਾਰੀ ਕੀਤੀ ਗਈ ਅਤੇ ਸਫ਼ਲ ਰਹਿਣ ਵਾਲੇ 1648 ਉਮੀਦਵਾਰਾਂ ਦੀ ਅੰਤਿਮ ਸੂਚੀ ਮਈ 2019 ਵਿਚ ਜਾਰੀ ਕੀਤੀ  ਗਈ। ਇਸ ਤੋਂ ਬਾਅਦ, ਜੂਨ 2019 ਵਿਚ ਉਮੀਦਵਾਰਾਂ ਵਲੋਂ ਚੁਣੀਆਂ ਗਈਆਂ ਆਪਸ਼ਨਜ਼ ਦੇ ਅਧਾਰ 'ਤੇ ਵਿਭਾਗਾਂ ਦੀ ਵੰਡ ਲਈ ਕਾਊਂਸਲਿੰਗ ਕੀਤੀ ਗਈ।

ਬਹਿਲ ਨੇ ਕਿਹਾ ਕਿ ਐਸ.ਐਸ.ਐਸ. ਬੋਰਡ ਭਵਿੱਖ ਵਿਚ ਵੀ ਮੈਰਿਟ ਅਤੇ ਉਮੀਦਵਾਰਾਂ ਦੀ ਪਸੰਦ ਦੇ ਆਧਾਰ 'ਤੇ ਵਿਭਾਗਾਂ ਦੀ ਵੰਡ ਲਈ ਇਸ ਪਾਰਦਰਸ਼ੀ ਪ੍ਰਣਾਲੀ ਨੂੰ ਜਾਰੀ ਰੱਖੇਗਾ ਕਿਉਂ ਜੋ ਇਹ ਪ੍ਰਣਾਲੀ ਉਮੀਦਵਾਰਾਂ ਦੇ ਮਨਾਂ ਵਿਚ ਸੰਦੇਹ ਨੂੰ ਖ਼ਤਮ ਕਰਕੇ ਚੋਣ ਪ੍ਰਕਿਰਿਆ ਵਿਚ ਉਨ੍ਹਾਂ ਦੇ ਵਿਸ਼ਵਾਸ਼ ਨੂੰ ਬਹਾਲ ਕਰਦੀ ਹੈ।