ਰਾਤੋਂ-ਰਾਤ ਬਦਲੀ ਕਿਸਮਤ, ਬਣਿਆ ਕਰੋੜਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਟਰੀ ਟਿਕਟ 'ਤੇ ਨਿਕਲਿਆ ਡੇਢ ਕਰੋੜ ਰੁਪਏ ਦਾ ਇਨਾਮ

Patiala man hits Rakhi Bumper Jackpot unexpectedly

ਚੰਡੀਗੜ੍ਹ : ‘ਕਿਸਮਤ ਚਮਕਦੀ ਦਾ ਕੋਈ ਪਤਾ ਨਹੀਂ ਲੱਗਦਾ’। ਗੱਲ 63 ਸਾਲਾ ਅਵਤਾਰ ਸਿੰਘ ’ਤੇ ਬਿਲਕੁਲ ਢੁਕਦੀ ਹੈ, ਜਿਸ ਨੂੰ ਪੰਜਾਬ ਰਾਜ ਰਾਖੀ ਬੰਪਰ 2019 ਨੇ ਰਾਤੋਂ-ਰਾਤ ਕਰੋੜਪਤੀ ਬਣਾ ਦਿੱਤਾ ਹੈ। ਰਾਖੀ ਬੰਪਰ ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ’ਚੋਂ ਇਕ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੇ ਪਟਿਆਲਾ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਇੰਨਾ ਡਾ ਇਨਾਮ ਜਿੱਤਣ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਪਰ ਰਾਖੀ ਬੰਪਰ ਨੇ ਇਸ ਨੂੰ ਸੱਚ ਕਰ ਦਿਖਾਇਆ ਹੈ।

ਅਵਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਤਕਰੀਬਨ 15 ਸਾਲਾਂ ਬਾਅਦ ਅਣਮੰਨੇ ਮਨ ਨਾਲ ਇਸ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਕਿਉਂਕਿ ਇਸ ਤੋਂ ਪਹਿਲਾਂ ਉਨਾਂ ਨੂੰ ਕਦੇ ਵੀ ਇਨਾਮ ਨਹੀਂ ਨਿਕਲਿਆ ਸੀ। ਅਵਤਾਰ ਸਿੰਘ ਨੇ ਇਨਾਮੀ ਰਾਸ਼ੀ ਲਈ ਮੰਗਲਵਾਰ ਨੂੰ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲਾਟਰੀ ਟਿਕਟ ਅਤੇ ਹੋਰ ਦਸਤਾਵੇਜ਼ ਸੌਂਪੇ। ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਅਤੇ ਛੋਟਾ ਬੇਟਾ ਵਿਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ ਜਦੋਂਕਿ ਵੱਡਾ ਬੇਟਾ ਐਮਬੀਏ ਕਰਨ ਬਾਅਦ ਪਟਿਆਲਾ ਵਿਖੇ ਹੀ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਭਵਿੱਖੀ ਯੋਜਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਲਈ ਆਪਣੇ ਬੇਟਿਆਂ ਨੂੰ ਜ਼ਿੰਦਗੀ 'ਚ ਸਥਾਪਤ ਕਰਨ ਤੋਂ ਇਲਾਵਾ ਹੋਰ ਮਾਲੀ ਸਮੱਸਿਆਵਾਂ ਦੇ ਹੱਲ ਵਿਚ ਬੇਹੱਦ ਮਦਦਗਾਰ ਸਾਬਤ ਹੋਵੇਗੀ।

ਪੰਜਾਬ ਲਾਟਰੀਜ਼ ਵਿਭਾਗ ਵਲੋਂ ਲਾਟਰੀਆਂ ਦੇ ਡਰਾਅ ਕੱਢਣ ਲਈ ਵਰਤੇ ਜਾਂਦੇ ਪਾਰਦਰਸ਼ੀ ਤੇ ਸੌਖਾਲੇ ਢੰਗ 'ਤੇ ਤਸੱਲੀ ਜ਼ਾਹਿਰ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਅਜਿਹਾ ਸੂਬਾ ਹੈ, ਜਿਥੇ ਲਾਟਰੀਆਂ ਦੇ ਵੱਡੇ ਇਨਾਮ ਜਨਤਾ ਵਿੱਚ ਵਿਕੀਆਂ ਟਿਕਟਾਂ ’ਤੇ ਹੀ ਕੱਢੇ ਜਾਂਦੇ ਹਨ। ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਅਵਤਾਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਤੋਂ ਛੇਤੀ ਦਿਵਾਉਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਇਕ ਪਹਿਲਾ ਇਨਾਮ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਦਾ ਨਿਕਲਿਆ ਸੀ, ਜੋ ਮੂਲ ਰੂਪ ’ਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਫਕੀਰਾਂ ਦਾ ਰਹਿਣ ਵਾਲਾ ਹੈ।