ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਈ ਹਵਾਰਾ ਦੀਆਂ ਮੁਲਾਕਾਤਾਂ ’ਤੇ ਲਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਠ ਮਹੀਨੇ ਤੋਂ ਜੇਬ ਖ਼ਰਚਾ ਮਿਲਣਾ ਵੀ ਬੰਦ ਹੋਇਆ

Jagtar Singh Hawara

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਕੇਂਦਰ ਸਰਕਾਰ ਨੇ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਦੇ ਤਿਹਾੜ ਜੇਲ ਵਿਚ ਨਜ਼ਰਬੰਦ ਦੋਸ਼ੀ ਜਗਤਾਰ ਸਿੰਘ ਹਵਾਰਾ ਦੀਆਂ ਮੁਲਾਕਾਤਾਂ ’ਤੇ ਪੂਰਨ ਰੂਪ ਵਿਚ ਪਾਬੰਦੀ ਲਾ ਦਿਤੀ ਹੈ। ਜਨਵਰੀ ਤੋਂ ਬਾਅਦ ਜੇਲ ਲਈ ਜੇਬ ਖ਼ਰਚ ਵਾਸਤੇ ਦਿਤੇ ਜਾਣ ਵਾਲੇ ਛੇ ਹਜ਼ਾਰ ਰੁਪਏ ਮਹੀਨੇ ਵੀ ਨਹੀਂ ਦੇਣ ਦਿਤੇ ਗਏ ਹਵਾਰਾ ਦੇ ਹਮਾਇਤੀਆਂ ਨੇ ਮੁਲਾਕਾਤ ਦੀ ਆਗਿਆ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਵਿਰੁਧ ਦਿੱਲੀ ਹਾਈ ਕੋਰਟ ਵਿਚ ਕੇਸ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਤੋਂ ਇਕ ਵਫ਼ਦ ਨੇ ਅੱਜ ਦਿੱਲੀ ਦੇ ਇਕ ਪ੍ਰਸਿੱਧ ਵਕੀਲ ਨਾਲ ਮੁਲਾਕਾਤ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਹਵਾਰਾ ਨਾਲ ਮੁਲਾਕਾਤਾਂ ’ਤੇ ਪਾਬੰਦੀ ਅੱਠ ਮਹੀਨੇ ਪਹਿਲਾਂ ਲਾ ਦਿਤੀ ਸੀ ਹਾਲਾਂਕਿ ਦਸ ਜਣਿਆਂ ਕੋਲ ਕੇਂਦਰ ਸਰਕਾਰ ਦੀ ਮੁਲਾਕਾਤ ਦੀ ਲਿਖਤੀ ਮਨਜ਼ੂਰੀ ਹੈ ਪਰ ਇਸ ਵਿਚੋਂ ਹਵਾਰਾ ਦੀ ਮਾਂ ਨਰਿੰਦਰ ਕੌਰ, ਮੂੰਹ ਬੋਲੇ ਬਾਪ ਗੁਰਚਰਨ ਸਿੰਘ ਅਤੇ ਦਿੱਲੀ ਦੇ ਇਕ ਹੋਰ ਸੱਜਣ ਨੂੰ ਬਾਹਰ ਰਖਿਆ ਗਿਆ ਸੀ। ਪਿਛਲੇ ਤਿੰਨ ਮਹੀਨੇ ਤੋਂ ਇਹ ਮੁਲਾਕਾਤਾਂ ਵੀ ਬੰਦ ਹਨ। ਉਸ ਦੀ ਮਾਂ ਨਰਿੰਦਰ ਕੌਰ  ਆਖ਼ਰੀ ਵਾਰ ਚਾਰ ਮਹੀਨੇ ਪਹਿਲਾਂ ਮੁਲਾਕਾਤ ਕਰ ਕੇ ਆਈ ਸੀ ਪਰ ਉਦੋਂ ਵੀ ਧਰਮ ਦੇ ਬਾਪ ਗੁਰਚਰਨ ਸਿੰਘ ਨੂੰ ਬਾਹਰ ਰੋਕ ਲਿਆ ਗਿਆ ਸੀ।

ਮੁਲਾਕਾਤ ਬੰਦ ਹੋਣ ਕਰ ਕੇ ਉਸ ਨੂੰ ਦਿਤਾ ਜਾਣ ਵਾਲਾ ਛੇ ਹਜ਼ਾਰ ਜੇਬ ਖ਼ਰਚ ਵੀ ਦੇਣ ਤੋਂ ਰਹਿ ਗਿਆ ਹੈ। ਪਿਛਲੇ ਸਮੇਂ ਦੌਰਾਨ ਮੁਲਾਕਾਤੀ ਉਸ ਦੇ ਜੇਲ ਦੇ ਖਾਤੇ ਵਿਚ ਛੇ ਹਜ਼ਾਰ ਰੁਪਏ ਜਮ੍ਹਾਂ ਕਰਾਉਂਦੇ ਰਹੇ ਹਨ ਇੰਨੀ ਰਕਮ ਦੇਣ ਦੀ ਆਗਿਆ ਜੇਲ ਮੈਨੂਅਲ ਵਿਚ ਸ਼ਾਮਲ ਹੈ। ਦੱਸਣਾ ਲਾਜ਼ਮੀ ਹੋਵੇਗਾ ਕਿ ਜਗਤਾਰ ਸਿੰਘ ਹਵਾਰਾ ਨੂੰ ਮਾਡਲ ਜੇਲ ਬੁੜੈਲ ਵਿਚੋਂ ਤਿਹਾੜ ਜੇਲ ਵਿਚ ਤਬਦੀਲ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨਾਲ ਮੁਲਾਕਾਤੀਆਂ ਦੀ ਸੂਚੀ ਵਿਚ ਦਸ ਜਣਿਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿਚ ਬਲਵੀਰ ਸਿੰਘ ਹਿਸਾਰ, ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ, ਨਵਜੀਤ ਸਿੰਘ, ਮਨਪ੍ਰੀਤ ਕੌਰ, ਅਮਰੀਕ ਸਿੰਘ ਦਿੱਲੀ ਅਤੇ ਦੋ ਪੱਤਰਕਾਰ ਬਲਜੀਤ ਸਿੰਘ ਤੇ ਸੰਦੀਪ ਕੌਰ ਦੇ ਨਾਵਾਂ ਨੂੰ ਮਨਜ਼ੂਰੀ ਦਿਤੀ ਗਈ ਸੀ।

ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਤਿੰਨ ਜਣਿਆਂ ਨੂੰ ਮੁਲਾਕਾਤ ਕਰਨ ਦੀ ਖੁੱਲ੍ਹ ਸੀ ਪਰ ਗ੍ਰਹਿ ਮੰਤਰਾਲੇ ਨੇ ਜਿਨ੍ਹਾਂ ਦਸ ਜਣਿਆਂ ਨੂੰ ਮੁਲਾਕਾਤ ਕਰਨ ਦੀ ਆਗਿਆ ਦਿਤੀ ਸੀ ਹੁਣ ਉਨ੍ਹਾਂ ’ਤੇ ਵੀ ਰੋਕ ਲਾ ਦਿਤੀ ਹੈ। ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਅਤੇ ਹਰਬੰਸ ਸਿੰਘ ਮੰਝਪੁਰ ਮੁਲਾਕਾਤ ਕਰ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗੱਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਮੂਹਰੇ ਹਤਿਆ ਕਰ ਦਿਤੀ ਗਈ ਸੀ ਅਤੇ ਸੀਬੀਆਈ ਨੇ ਹਤਿਆ ਦੇ ਦੋਸ਼ ਵਿਚ ਨੌਂ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਹਵਾਰਾ ਦੇ ਧਰਮ ਦੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ‘ਜਥੇਦਾਰ’ ਹਵਾਰਾ ਦੀ ਹਰਮਨ ਪਿਆਰਤਾ ਦੇਖ ਕੇ ਬੁਖਲਾ ਗਈ ਹੈ ਇਹੋ ਵਜ੍ਹਾ ਹੈ ਕਿ ਮੁਲਾਕਾਤਾਂ ’ਤੇ ਰੋਕ ਲਾ ਦਿਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।