ਕਸ਼ਮੀਰੀ ਲੜਕੀਆਂ ਨੂੰ ਤੰਗ ਕਰਨ ਦਾ ਭਾਈ ਹਵਾਰਾ ਨੇ ਲਿਆ ਸਖ਼ਤ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸਿੱਖ ਧਰਮ ਹਮੇਸ਼ਾ ਹੀ ਮਜ਼ਲੂਮਾਂ ਨਾਲ ਖੜਾ ਹੋਇਆ ਹੈ

Jagtar Singh Hawara

ਅੰਮ੍ਰਿਤਸਰ : ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਰਾਜਨੀਤਕ ਪਾਰਟੀ ਦੇ ਕਾਰਕੁਨਾਂ ਵਲੋਂ ਹਕੂਮਤ ਦੇ ਨਸ਼ੇ ਵਿਚ ਕਸ਼ਮੀਰੀ ਲੜਕੀਆਂ ਦੀ ਇੱਜ਼ਤ ਅਤੇ ਸ਼ਾਨ ਵਿਰੁਧ ਨੈਤਿਕਤਾ ਤੋਂ ਡਿੱਗੀ ਸ਼ਬਦਾਵਲੀ ਵਰਤਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਵਕੀਲ ਰਾਹੀਂ ਭੇਜੇ ਇਕ ਸੰਦੇਸ਼ ਵਿਚ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਧਰਮ ਹਮੇਸ਼ਾ ਹੀ ਮਜ਼ਲੂਮਾਂ ਨਾਲ ਖੜਾ ਹੋਇਆ ਹੈ ਅਤੇ ਜ਼ੁਲਮ ਵਿਰੁਧ ਡਟਿਆ ਹੈ। ਇਕ ਸਮਾਂ ਸੀ ਜਦ ਕਸ਼ਮੀਰੀ ਪੰਡਤ ਅਤੇ ਹਿੰਦੂ ਬਹੂ ਬੇਟੀਆਂ ਸੁਰੱਖਿਅਤ ਨਹੀਂ ਸੀ।

ਉਸ ਸਮੇਂ ਖ਼ਾਲਸੇ ਨੇ ਅਪਣੀ  ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਜ਼ਾਲਮਾਂ ਦਾ ਨਾਸ਼ ਕੀਤਾ ਸੀ। ਪਰ ਅੱਜ ਹਾਲਾਤ ਬਿਲਕੁਲ ਉਲਟ ਹਨ ਨਿਤਾਣੇ ਜਰਵਾਣੇ ਬਣ ਗਏ ਹਨ। ਖਾਲਸਾ ਇਨ੍ਹਾਂ ਬਦਲਦੇ ਹਾਲਾਤ ਨੂੰ ਬਾਜ਼ ਨਿਗਾਹਾਂ ਨਾਲ ਵੇਖ ਰਿਹਾ ਹੈ। ਕਸ਼ਮੀਰੀ ਲੜਕੀਆਂ 'ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਖਾਲਸਾ ਕਦੇ ਵੀ ਸ਼ਾਂਤ ਹੋ ਕੇ ਨਹੀਂ ਬੈਠੇਗਾ। ਸਾਡੇ ਲਈ ਸਾਰੇ ਧਰਮਾਂ ਦੀਆਂ ਲੜਕੀਆਂ ਸਾਂਝੀਆਂ ਹਨ।

ਭਾਈ ਹਵਾਰਾ ਨੇ ਅਪਣੇ ਸੰਦੇਸ਼ ਰਾਹੀਂ ਪੂਰੇ ਭਾਰਤ ਵਿਚ ਰਹਿ ਰਹੀਆਂ ਕਸ਼ਮੀਰੀ ਲੜਕੀਆਂ ਨੂੰ ਭਰੋਸਾ ਦਿਵਾਇਆ ਕਿ ਸਿੱਖ ਕੌਮ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਅਤੇ ਸਹਾਇਤਾ ਦੇਵੇਗੀ, ਉਨ੍ਹਾਂ ਨੂੰ ਜਿਥੇ ਕਿਤੇ ਵੀ ਬਹੁਗਿਣਤੀ ਧਰਮ ਨਾਲ ਸਬੰਧਤ ਮਾੜੇ ਅਨਸਰਾਂ ਤੋਂ ਡਰ ਲੱਗੇ ਤਾਂ ਉਹ ਗੁਰੂ ਘਰ ਵਿਚ ਜਾ ਕੇ ਸ਼ਰਨ ਲੈਣ।