ਮੀਡੀਆ ਵਿਰੁਧ ਪਟਿਆਲਾ ਰੈਲੀ ਵਿਚ ਵਰਤੀ ਗਈ ਭਾਸ਼ਾ ਨਹੀਂ ਸੀ ਵਰਤਣੀ ਚਾਹੀਦੀ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਭਾ ਦੇ ਮੈਂਬਰ ਅਤੇ ਰੁਸੇ ਹੋਏ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਹਮੇਸ਼ਾ ਤੋਂ ਹੀ ਪ੍ਰੈੱਸ ਦੀ ਆਜ਼ਾਦੀ ਦਾ ਹਾਮੀ ਰਿਹਾ ਹੈ

Sukhdev Singh Dhindsa

ਤਰਨਤਾਰਨ : ਰਾਜ ਸਭਾ ਦੇ ਮੈਂਬਰ ਅਤੇ ਰੁਸੇ ਹੋਏ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਹਮੇਸ਼ਾ ਤੋਂ ਹੀ ਪ੍ਰੈੱਸ ਦੀ ਆਜ਼ਾਦੀ ਦਾ ਹਾਮੀ ਰਿਹਾ ਹੈ।  ਸ. ਢੀਂਡਸਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ। ਪ੍ਰੈਸ ਨੂੰ ਅਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਕੁੱਝ ਅਖ਼ਬਾਰਾਂ ਸਾਡੇ ਹੱਕ ਤੇ ਕੁੱਝ ਵਿਰੋਧ ਵਿਚ ਲਿਖਦੀਆਂ ਹਨ। ਵਿਰੋਧ ਦਾ ਮਤਲਬ ਨਿਜੀ ਵਿਰੋਧ ਨਹੀਂ ਲਿਆ ਜਾਣਾ ਚਾਹੀਦਾ। ਮੀਡੀਆ ਇਕ ਬਹੁਤ ਵੱਡੀ ਸ਼ਕਤੀ ਹੈ ਤੇ ਇਸ ਨੂੰ ਪੂਰਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੁੱਝ ਅਕਾਲੀ ਆਗੂਆਂ ਵਲੋਂ ਪਟਿਆਲਾ ਰੈਲੀ ਵਿਚ ਪ੍ਰੈਸ ਦੀ ਆਜ਼ਾਦੀ 'ਤੇ  ਕੀਤੇ ਹਮਲਿਆਂ ਬਾਰੇ ਉਨ੍ਹਾਂ ਦੁਹਰਾਇਆ ਕਿ ਅਕਾਲੀ ਦਲ ਹਮੇਸ਼ਾ ਤੋਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਾ ਰਿਹਾ ਹੈ। ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆ ਰਹੇ ਸ. ਢੀਂਡਸਾ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਨ ਤੇ ਉਨ੍ਹਾਂ ਦੀ ਨਿਜੀ ਫੇਰੀ ਹੈ।

ਉਹ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲੈਣ ਲਈ ਆਏ ਹਨ। ਉਨ੍ਹਾਂ ਕੁੱਝ ਆਗੂਆਂ ਵਲੋਂ ਪਟਿਆਲਾ ਰੈਲੀ ਵਿਚ ਵਰਤੀ ਗਈ ਭਾਸ਼ਾ ਬਾਰੇ ਕਿਹਾ ਕਿ ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਹਨ। ਵੈਸੇ ਅਜਿਹੀ ਭਾਸ਼ਾ ਨਹੀਂ ਹੋਣੀ ਚਾਹੀਦੀ। ਪਾਰਟੀ ਵਿਚ ਆਏ ਨਿਘਾਰ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਸ. ਢੀਂਡਸਾ ਨੇ ਕਿਹਾ ਕਿ ਇਸ ਲਈ ਸਾਰਿਆਂ ਨੂੰ ਮਿਲ ਬੈਠ ਕੇ ਸਵੈਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਤੇ ਵਿਚਾਰ ਕਰ ਕੇ ਭਵਿਖ ਦੀ ਰਣਨੀਤੀ ਤਹਿ ਕਰਨੀ ਚਾਹੀਦੀ ਹੈ।