ਦੇਸੀ ਘਿਓ ਦੀ ਜਾਂਚ ਪ੍ਰਕਿਰਿਆ ਜ਼ੋਰਾਂ 'ਤੇ: 48 ਘੰਟੇ ਵਿੱਚ 200 ਨਮੂਨੇ ਜ਼ਬਤ - ਪਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸੀ ਘਿਓ ਦੇ ਉਤਪਾਦਕਾਂ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ 15 ਦਿਨਾਂ ਬਾਅਦ, ਫੂਡ ਸੇਫਟੀ ਕਮਿਸ਼ਨਰੇਟ ਦੀ ਟੀਮ ਵੱਲੋਂ ਨਕਲੀ ਘਿਓ ਦੀ ਵਿਕਰੀ 'ਤੇ ...

ਘਿਓ ਦੀ ਜਾਂਚ ਕਰਦੇ ਹੋਏ

ਚੰਡੀਗੜ (ਸ.ਸ.ਸ) : ਦੇਸੀ ਘਿਓ ਦੇ ਉਤਪਾਦਕਾਂ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ 15 ਦਿਨਾਂ ਬਾਅਦ, ਫੂਡ ਸੇਫਟੀ ਕਮਿਸ਼ਨਰੇਟ ਦੀ ਟੀਮ ਵੱਲੋਂ ਨਕਲੀ ਘਿਓ ਦੀ ਵਿਕਰੀ 'ਤੇ ਰੋਕ ਲਈ ਜਾਂਚ ਮੁਹਿੰਮ ਚਲਾਈ ਗਈ। ਇਹ ਜਾਣਕਾਰੀ ਪੰਜਾਬ ਦੇ ਫੂਡ ਸੇਫਟੀ ਕਮਿਸ਼ਨਰ ਸ੍ਰੀ ਕੇ ਐਸ ਪਨੂੰ ਨੇ ਦਿੱਤੀ। ਇਸ 48 ਘੰਟੇ ਦੀ ਲੰਬੀ ਮੁਹਿੰਮ ਦੌਰਾਨ ਸੂਬੇ ਭਰ ਦੀਆਂ ਵਿਭਿੰਨ ਥਾਵਾਂ ਤੋਂ ਲਗਭਗ 200 ਨਮੂਨੇ ਜ਼ਬਤ ਕੀਤੇ ਗਏ। ਸ੍ਰੀ ਪਨੂੰ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਕਈ ਥਾਵਾਂ 'ਤੇ ਉਪਭੋਗਤਾਵਾਂ ਨੂੰ ਗੁਮਰਾਹ ਕਰਨ ਲਈ ਉਤਪਾਦ 'ਤੇ ਛੋਟੇ ਅੱਖਰਾਂ ਵਿੱਚ ''ਕੁਕਿੰਗ ਮੀਡੀਅਮ'' ਪ੍ਰਿੰਟ ਕਰਕੇ ਦੇਸੀ ਘਿਓ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ,

ਜਿਸ ਨੂੰ ਉਪਭੋਗਤਾਵਾਂ ਵਲੋਂ ਅਣਦੇਖਿਆ ਕੀਤਾ ਜਾਣਾ ਸੰਭਾਵਿਤ ਹੈ ਅਤੇ ਨਾਲ ਹੀ ਕਿਹਾ ਕਿ ਗੁੰਮਰਾਹ ਕਰਨ ਦੇ ਅਜਿਹੇ ਹੱਥਕੰਡੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਪਰਾਧ ਹਨ। ਇਸੇ ਤਰ੍ਹਾਂ 350 ਰੁਪਏ ਕਿਲੋ ਵਾਲੇ ਦੇਸੀ ਘਿਓ ਵਿੱਚ ਬਨਸਪਤੀ ਤੇਲ ਜਿਵੇਂ 40 ਰੁਪਏ ਕਿਲੋ ਵਾਲਾ ਪਾਮ ਤੇਲ ਮਿਲਾ ਕੇ ਲਾਈਟ ਮੀਡੀਅਮ ਵਜੋਂ ਵੇਚਿਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਫੀਲਡ 'ਚੋਂ ਵੀ ਗਲਤ ਬ੍ਰਾਂਡਿੰਗ ਦੇ ਕਈ ਕੇਸ ਰਿਪੋਰਟ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਦੋ ਦਿਨਾਂ ਦੀ ਮੁਹਿੰਮ ਦੌਰਾਨ ਜ਼ਬਤ ਕੀਤੇ ਗਏ ਨਮੂਨੇ ਵਿਸ਼ਲੇਸ਼ਣ ਲਈ ਸਟੇਟ ਲੈਬ ਵਿੱਚ ਭੇਜੇ ਗਏ ਹਨ।

ਉਹਨਾਂ ਅੱਗੇ ਕਿਹਾ ਕਿ ਇਸ ਲੈਬ ਨੂੰ ਪਹਿਲਾਂ ਘਿਓ ਦੀ ਮਿਲਾਵਟ ਦੀ ਪਛਾਣ ਕਰਨ ਲਈ ਢੁਕਵੀਂ ਮਸ਼ੀਨਰੀ ਨਾਲ ਲੈਸ ਨਹੀਂ ਕੀਤਾ ਗਿਆ ਸੀ ਪਰ ਹੁਣ ਢੁਕਵੀਂ ਮਸ਼ੀਨਰੀ ਦੀ ਖਰੀਦ ਕਰ ਲਈ ਗਈ ਹੈ ਤੇ ਮਿਲਾਵਟੀ ਘਿਓ ਦੇ ਵਿਕਰੇਤਾ ਹੁਣ ਬਚ ਨਹੀਂ ਸਕਣਗੇ। ਲੋਕਾਂ ਨੂੰ ਅਪੀਲ ਕਰਦੇ ਹੋਏ, ਫੂਡ ਸੇਫਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ ਗਲਤ ਬਰਾਂਡਿੰਗ, ਘਟੀਆ ਅਤੇ ਗੁੰਮਰਾਹ ਕਰਨ ਵਾਲੇ ਉਤਪਾਦਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਉਤਪਾਦ ਖਰੀਦਣ ਤੋਂ ਪਹਿਲਾਂ ਲੇਬਲ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।