ਬਿੱਟਾ ਨੂੰ ਵੀ 'ਚੰਗਾ ਲੱਗਿਆ' ਨਾਗਰਿਕਤਾ ਸੋਧ ਕਾਨੂੰਨ, ਕਹੀ ਇਹ ਗੱਲ!

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸੀਏਏ ਕਿਸੇ ਇਕ ਭਾਈਚਾਰੇ ਦੇ ਖਿਲਾਫ਼ ਨਹੀਂ

file photo

ਲੁਧਿਆਣਾ : ਆਲ ਇੰਡੀਆ ਐਂਟੀ ਟੈਰਰਿਸਟ ਫ਼ਰੰਟ ਦੇ ਆਗੂ ਮਨਿੰਦਰ ਜੀਤ ਸਿੰਘ ਬਿੱਟਾ ਵੀ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਨਿਤਰ ਆਏ ਹਨ। ਅਪਣੀ ਲੁਧਿਆਣਾ ਫੇਰੀ ਦੌਰਾਨ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਸ਼ ਹਿਤ 'ਚ ਕਰਾਰ ਦਿੰਦਿਆਂ ਕਿਹਾ ਕਿ ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਦੀ ਤਰਜ਼ 'ਤੇ ਅਜਿਹਾ ਹੀ ਵਿਰੋਧ ਲੁਧਿਆਣਾ ਵਿਚ ਜਤਾਉਣ ਦਾ ਐਲਾਨ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹੈ।

ਲੁਧਿਆਣਾ ਸਰਕਟ ਹਾਊਸ ਵਿਖੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰਾਸ਼ਟਰ ਹਿਤ ਵਿਚ ਉਹ ਨਾਗਰਿਕਤਾ ਸੋਧ ਕਾਨੂੰਨ ਨੂੰ ਸਹੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸੇ ਇਕ ਭਾਈਚਾਰੇ ਖਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ 'ਤੇ ਲੁਧਿਆਣਾ ਵਿਚ ਵੀ ਪ੍ਰਦਰਸ਼ਨ ਕਰਨ ਦਾ ਐਲਾਨ ਸਿਆਸਤ  ਤੋਂ ਪ੍ਰੇਰਿਤ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਪ੍ਰਸਤਾਵ ਨੂੰ ਵੀ ਉਨ੍ਹਾਂ ਨੇ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਦਸਿਆ ਹੈ।

ਸ੍ਰੀ ਦਰਬਾਰ ਸਾਹਿਬ 'ਚ ਟਿਕ-ਟਾਕ ਬਣਾਉਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਸਥਾਨ ਹੈ। ਅਜਿਹੇ ਸਥਾਨ 'ਤੇ ਇਹੋ ਜਿਹੀਆਂ ਆਪਹੁਦਰੀਆਂ ਹਰਕਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਢੱਡਰੀਆਂ ਵਾਲਿਆਂ ਦੇ ਮੁੱਦੇ 'ਤੇ ਉਹ ਨਿੱਜੀ ਤੌਰ 'ਤੇ ਇਸ ਦੇ ਹੱਕ ਵਿਚ ਦਿਸੇ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਬੋਲਣ ਤੋਂ ਉਨ੍ਹਾਂ ਨੇ ਮਨ੍ਹਾਂ ਕਰ ਦਿਤਾ।

ਅੰਮ੍ਰਿਤਸਰ ਵਿਖੇ ਹਾਲ ਹੀ ਵਿਚ ਫੜੇ ਗਏ ਵੱਡੇ ਪੱਧਰ 'ਤੇ ਨਸ਼ਿਆਂ ਬਾਰੇ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਪਿੱਠ ਥਪਥਪਾਈ। ਗੈਂਗਸਟਰ 'ਤੇ ਬਣੀ ਫ਼ਿਲਮ ਸ਼ੂਟਰ 'ਤੇ ਪੰਜਾਬ ਸਰਕਾਰ ਵਲੋਂ ਰੋਕ ਲਾਉਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਉਨ੍ਹਾਂ ਨੇ ਇਸ ਨੂੰ ਸਰਕਾਰ ਦਾ ਸਹੀ ਕਦਮ ਕਰਾਰ ਦਿਤਾ।