ਪੰਜਾਬ ਦੇ ਅੱਧੀ ਦਰਜਨ ਐਮ.ਪੀ ਕਰੋੜਾਂ ਦੀ ਵਿਕਾਸ ਰਾਸ਼ੀ ਖ਼ਰਚਣ 'ਚ ਰਹੇ ਫ਼ਾਡੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ : ਸੂਬੇ ਦੇ ਅੱਧੀ ਦਰਜਨ ਐਮ.ਪੀਜ਼ ਅਪਣੇ ਹਲਕਿਆਂ ਵਾਸਤੇ ਮਿਲਦੇ ਕਰੋੜਾਂ ਦੇ ਫ਼ੰਡ ਖ਼ਰਚਣ ਵਿਚ ਫ਼ਾਡੀ ਰਹਿ ਗਏ ਹਨ। ਚੋਣ ਜ਼ਾਬਤਾ ਲੱਗਣ ਕਾਰਨ ਕੇਂਦਰ...

MPlAD funds

ਬਠਿੰਡਾ : ਸੂਬੇ ਦੇ ਅੱਧੀ ਦਰਜਨ ਐਮ.ਪੀਜ਼ ਅਪਣੇ ਹਲਕਿਆਂ ਵਾਸਤੇ ਮਿਲਦੇ ਕਰੋੜਾਂ ਦੇ ਫ਼ੰਡ ਖ਼ਰਚਣ ਵਿਚ ਫ਼ਾਡੀ ਰਹਿ ਗਏ ਹਨ। ਚੋਣ ਜ਼ਾਬਤਾ ਲੱਗਣ ਕਾਰਨ ਕੇਂਦਰ ਸਰਕਾਰ ਵਲੋਂ ਐਮ.ਪੀਲੇਡ (ਮੈਂਬਰ ਪਾਰਲੀਮੈਂਟ ਲੋਕਲ ਏਰੀਆ ਵਿਕਾਸ ਫ਼ੰਡ) ਵਿਚੋਂ ਆਈ ਰਾਸ਼ੀ ਨੂੰ ਅਜਿਹੇ ਲੋਕ ਸਭਾ ਮੈਂਬਰ ਹੁਣ ਖ਼ਰਚ ਨਹੀਂ ਕਰ ਸਕਣਗੇ। ਹਾਲਾਂਕਿ ਇਹ ਅਣਵਰਤੀ ਰਾਸ਼ੀ ਵਾਪਸ ਨਹੀਂ ਜਾਵੇਗੀ, ਬਲਕਿ ਅਗਲੇ ਜਿੱਤਣ ਵਾਲੇ ਐਮ.ਪੀ ਦੇ ਖਾਤੇ ਵਿਚ ਚਲੀ ਜਾਵੇਗੀ। 

ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਅਜਿਹੇ ਐਮ.ਪੀਜ਼ ਵਿਚ ਕੇਂਦਰ ਸਰਕਾਰ ਦੀ ਮੰਤਰੀ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੈ। ਇਸ ਮਹਿਲਾ ਐਮ.ਪੀ ਦੇ ਵੀ ਪੰਜ ਕਰੋੜ ਰੁਪਏ ਹਾਲੇ ਅਣਵਰਤੇ ਪਏ ਹਨ। ਸ੍ਰੀਮਤੀ ਬਾਦਲ ਵਲੋਂ 16ਵੀਂ ਲੋਕ ਸਭਾ ਦੇ ਐਮ.ਪੀ ਵਜਂੋ 25 ਕਰੋੜ ਵਿਚੋਂ 20 ਕਰੋੜ ਰੁਪਏ ਹੀ ਖ਼ਰਚੇ ਜਾ ਸਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਤੀਜੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਮੁੜ ਕਿਸਮਤ ਅਜਮਾਉਣ ਜਾ ਰਹੀ ਬੀਬੀ ਬਾਦਲ ਅਤੇ ਸੰਗਰੂਰ ਤੋਂ ਆਪ ਐਮ.ਪੀ ਭਗਵੰਤ ਮਾਨ ਚੋਣ ਜ਼ਾਬਤਾ ਲੱਗਣ ਤੋਂ ਐਨ ਆਖ਼ਰੀ ਸਮੇਂ ਤਕ ਗ੍ਰਾਂਟਾਂ ਵੰਡਣ ਦੇ ਮੰਜ਼ੂਰੀ ਪੱਤਰ ਜਾਰੀ ਕਰਦੇ ਰਹੇ। ਅਧਿਕਾਰੀਆਂ ਮੁਤਾਬਕ ਹੁਣ ਇਹ ਰਾਸ਼ੀ ਚੋਣ ਜ਼ਾਬਤਾ ਹਟਣ ਤੋਂ ਬਾਅਦ ਹੀ ਜਾਰੀ ਕੀਤੀ ਜਾ ਸਕੇਗੀ। 

ਜ਼ਿਕਰ ਕਰਨਾ ਬਣਦਾ ਹੈ ਕਿ ਬੀਬੀ ਬਾਦਲ ਦੇ ਹਿੱਸੇ ਦੀਆਂ ਦੋ ਕਿਸ਼ਤਾਂ ਬਾਕੀ ਬਚਣ ਦਾ ਮੁੱਖ ਕਾਰਨ ਸੂਬੇ 'ਚ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੁਆਰਾ ਕਈ ਮਹੀਨੇ ਗ੍ਰਾਂਟਾਂ ਵੰਡਣ ਲਈ ਹੱਥ ਘੁੱਟਣ ਨੂੰ ਵੀ ਦਸਿਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਹਰ ਇਕ ਲੋਕ ਸਭਾ ਤੇ ਰਾਜ ਸਭਾ ਮੈਂਬਰ ਨੂੰ ਅਪਣੇ ਇਲਾਕੇ 'ਚ ਵਿਕਾਸ ਕੰਮਾਂ ਲਈ ਹਰ ਸਾਲ ਢਾਈ-ਢਾਈ ਕਰੋੜ ਦੀਆਂ ਦੋ ਛਿਮਾਹੀ ਕਿਸ਼ਤਾਂ ਮਿਲਦੀਆਂ ਹਨ। ਉਂਜ ਅੰਤਰ ਇਹ ਹੈ ਕਿ ਲੋਕ ਸਭਾ ਮੈਂਬਰ ਅਪਣੀ ਛਿਮਾਹੀ ਕਿਸ਼ਤ ਵਿਚੋਂ ਸਿਰਫ਼ ਦਸ ਫ਼ੀ ਸਦੀ ਭਾਵ 25 ਲੱਖ ਰੁਪਏ ਹੀ ਅਪਣੇ ਹਲਕੇ ਵਿਚੋਂ ਬਾਹਰ ਖ਼ਰਚ ਕਰ ਸਕਦਾ ਹੈ ਜਦੋਂ ਕਿ ਰਾਜ ਸਭਾ ਮੈਂਬਰ ਜਿਸ ਸੂਬੇ ਵਿਚੋਂ ਚੁਣ ਕੇ ਆਇਆ ਹੁੰਦਾ ਹੈ, ਉਸ ਸਾਰੇ ਸੂਬੇ ਦੇ ਕਿਸੇ ਵੀ ਹਲਕੇ 'ਚ ਫ਼ੰਡ ਜਾਰੀ ਕਰ ਸਕਦਾ ਹੈ।

ਸਪੋਕਸਮੈਨ ਵਲੋਂ ਪ੍ਰਾਪਤ ਅੰਕੜਿਆਂ ਮੁਤਾਬਕ ਸੂਬੇ ਦੇ 13 ਲੋਕ ਸਭਾ ਮੈਂਬਰਾਂ ਵਿਚੋਂ 2 ਐਮ.ਪੀ ਦੀਆਂ ਹਾਲੇ ਤੱਕ ਦੋ ਕਿਸ਼ਤਾਂ ਭਾਵ 5 ਕਰੋੜ ਦੀ ਰਾਸ਼ੀ ਪ੍ਰਾਪਤ ਕਰਨ ਵਾਲੀ ਪਈ ਹੈ। ਜਦੋਂ ਕਿ ਚਾਰ ਐਮ.ਪੀਜ਼ ਦੀ ਹਾਲੇ ਤਕ ਢਾਈ ਕਰੋੜ ਵਾਲੀ ਇਕ ਕਿਸ਼ਤ ਬਕਾਇਆ ਪਈ ਹੈ। ਸੂਚਨਾ ਮੁਤਾਬਕ ਗੁਰਦਾਸਪੁਰ ਤੋਂ ਮਰਹੂਮ ਭਾਜਪਾ ਐਮ.ਪੀ ਵਿਨੋਦ ਖੰਨਾ ਦੀ ਥਾਂ 'ਤੇ ਜਿੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੀ ਹਾਲੇ ਤਕ 5 ਕਰੋੜ ਅਣਵੰਡੀ ਰਾਸ਼ੀ ਪਈ ਹੈ। 

ਇਸੇ ਤਰ੍ਹਾਂ ਫ਼ਰੀਦਕੋਟ ਤੋਂ ਆਪ ਐਮ.ਪੀ ਪ੍ਰੋ ਸਾਧੂ ਸਿੰਘ, ਖਡੂਰ ਸਾਹਿਬ ਤੋਂ ਬਾਗ਼ੀ ਅਕਾਲੀ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ, ਜਲੰਧਰ ਤੋਂ ਕਾਂਗਰਸੀ ਐਮ.ਪੀ ਚੌਧਰੀ ਸੰਤੋਖ ਸਿੰਘ ਤੇ ਹੁਸ਼ਿਆਰਪੁਰ ਤੋਂ ਐਮ.ਪੀ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅਪਣੇ ਹਿੱਸੇ ਦੇ 25 ਕਰੋੜ ਵਿਚੋਂ ਸਾਢੇ 22-22 ਕਰੋੜ ਰੁਪਏ ਵੰਡ ਦਿਤੇ ਹਨ। ਇਸ ਤੋਂ ਇਲਾਵਾ ਆਪ ਦੇ ਸੰਗਰੂਰ ਤੋਂ ਐਮ.ਪੀ ਭਗਵੰਤ ਮਾਨ, ਪਟਿਆਲਾ ਤੋਂ ਬਾਗ਼ੀ ਸੰਸਦ ਮੈਂਬਰ ਪ੍ਰੋ ਧਰਮਵੀਰ ਗਾਂਧੀ ਸਹਿਤ ਬਾਕੀ ਲੋਕ ਸਭਾ ਮੈਂਬਰ ਅਪਣੇ ਹਿੱਸੇ ਆਈਆਂ ਸਾਰੀਆਂ ਕਿਸ਼ਤਾਂ ਵੰਡਣ ਵਿਚ ਸਫ਼ਲ ਰਹੇ ਹਨ। ਗੌਰਤਲਬ ਹੈ ਕਿ ਐਮ.ਪੀ ਲੇਡ ਦੇ ਨਿਯਮਾਂ ਮੁਤਾਬਕ ਇਕ ਐਮ.ਪੀ ਨੂੰ ਦੂਜੀ ਕਿਸ਼ਤ ਉਸ ਸਮੇਂ ਹੀ ਜਾਰੀ ਹੁੰਦੀ ਹੈ ਜਦ ਉਹ ਅਪਣੀ ਪਹਿਲੀ ਕਿਸ਼ਤ ਵਿਚੋਂ ਡੇਢ ਕਰੋੜ ਦੀ ਰਾਸ਼ੀ ਨੂੰ ਵੰਡਣ ਦੀ ਸਿਫ਼ਾਰਸ਼ ਕਰ ਚੁਕਿਆ ਹੋਵੇ ਜਾਂ ਉਸ ਦੇ ਖਾਤੇ ਵਿਚ ਪ੍ਰਾਪਤ ਹੋਈਆਂ ਕਿਸ਼ਤਾਂ ਵਿਚੋਂ ਸਿਰਫ਼ ਢਾਈ ਕਰੋੜ ਅਣਵੰਡੇ ਪਏ ਹੋਏ ਹੋਣ।