ਪੰਜਾਬ ਦੀਆਂ ਧੀਆਂ ਨੇ ਖੇਤੀ ਦੇ ਕਾਲੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ
ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ...
ਨਵੀਂ ਦਿੱਲੀ (ਸੁਰਖ਼ਾਬ ਚੰਨ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਜਿੱਥੇ ਸ਼ਹਿਰੀ ਲੋਕ ਵੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਜਾ ਕੇ ਆਪਣਾ ਫਰਜ ਨਿਭਾ ਰਹੇ ਹਨ।
ਉਥੇ ਹੀ ਅੱਜ ਲੁਧਿਆਣਾ ਸ਼ਹਿਰ ਤੋਂ ਨਿੱਕੀਆਂ-ਨਿੱਕੀਆਂ ਬੱਚੀਆਂ ਵੀ ਕਿਸਾਨੀ ਸੰਘਰਸ਼ ਵਿਚ ਪਹੁੰਚ ਕੇ ਆਪਣਾ ਭਰਪੂਰ ਸਮਰਥਨ ਦੇ ਰਹੀਆਂ ਹਨ। ਇਸ ਦੌਰਾਨ ਸੰਘਰਸ਼ ਵਿਚ ਪਹੁੰਚੀਆਂ ਬੱਚੀਆਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਨੂੰ ਰੱਦ ਕਰਾਉਣ ਲਈ ਇੱਥੇ ਆਏ ਹਾਂ। ਬੱਚਿਆਂ ਨੇ ਕਿਸਾਨਾਂ ਦੀ ਆਵਾਜ ਬੁਲੰਦ ਕਰਨ ਲਈ ‘ਜੈ ਕਿਸਾਨ ਜੈ ਜਵਾਨ’, ‘ਨੋ ਫਾਰਮਰਜ਼ ਨੋ ਫੂਡ’ ਦੇ ਨਾਅਰੇ ਵੀ ਲਗਾਏ ਹਨ।
ਬੱਚੀਆਂ ਨੇ ਕਿਹਾ ਕਿ ਜਿਹੜੀ ਆਟੇ ਦੀ ਥੈਲੀ ਸਾਨੂੰ 100 ਰੁਪਏ ਦੀ ਮਿਲਦੀ ਹੈ, ਖੇਤੀ ਦੇ ਕਾਲੇ ਕਾਨੂੰਨ ਲਾਗੂ ‘ਤੇ ਉਹੀ ਥੈਲੀ ਸਾਨੂੰ 500 ਰੁਪਏ ਦੀ ਮਿਲਿਆ ਕਰੇਗੀ, ਜਿਸ ਨਾਲ ਇੱਕਲੇ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ ਸਗੋਂ ਦੇਸ਼ ਦੇ ਆਮ ਲੋਕਾਂ ਅਤੇ ਗਰੀਬਾਂ ਦਾ ਰਹਿਣਾ ਖਾਣਾ-ਪੀਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਜਲਦ ਰੱਦ ਕਰਾਉਣ ਲਈ ਸਾਨੂੰ ਕਿਸਾਨੀ ਸੰਘਰਸ਼ ਨਾਲ ਜੁੜਨਾ ਚਾਹੀਦਾ ਤਾਂ ਜੋ ਇਨ੍ਹਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਾਇਆ ਜਾ ਸਕੇ।
ਬੱਚਿਆਂ ਨੇ ਕਿਹਾ ਕਿ ਦਿੱਲੀ ਵਿਚ ਕਿਸਾਨੀ ਸੰਘਰਸ਼ ਨੂੰ ਚਲਦਿਆਂ ਅੱਜ 102 ਦਿਨਾਂ ਦਾ ਸਮਾਂ ਹੋ ਚੁੱਕਿਆ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਬੋਲ਼ੀ ਅਤੇ ਅੰਨ੍ਹੀ ਹੋ ਚੁੱਕੀ ਹੈ ਜਿਸਨੂੰ ਦਿੱਲੀ ਵਿਚ ਸੜਕਾਂ ਉਤੇ ਰੁਲਦੇ ਕਿਸਾਨ ਨਹੀਂ ਦਿਖ ਰਹੇ। ਬੱਚਿਆਂ ਨੇ ਕਿਹਾ ਕਿ ਅੱਜ ਅਸੀਂ ਸਕੂਲਾਂ ਵਿਚ ਪੜ੍ਹ ਰਹੇ ਹਾਂ ਕਿਉਂਕਿ ਸਾਡੇ ਮਾਪੇ ਖੇਤੀ ਤੇ ਗੁਜਾਰਾ ਕਰਦੇ ਹਨ ਤੇ ਸਾਡੇ ਕੋਲ ਹੋਰ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੈ, ਇਸ ਲਈ ਜੇ ਇਨ੍ਹਾਂ ਖੇਤੀ ਦਾ ਕਾਲੇ ਕਾਨੂੰਨਾਂ ਕਾਰਨ ਸਾਡੀ ਖੇਤੀ ਹੀ ਚਲੀ ਗਈ ਤਾਂ ਸਭ ਕੁਝ ਕਾਲਾ ਹੋ ਜਾਵੇਗਾ।