ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕਿਆਂ ਦਾ ਮਾਮਲਾ: ਮੁਲਜ਼ਮ ਅਮਰੀਕ ਸਿੰਘ ਦੇ ਪ੍ਰਵਾਰ ਨੇ ਘਟਨਾ ਨੂੰ ਦਸਿਆ ਦੁਖਦਾਈ ਅਤੇ ਸ਼ਰਮਨਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਨੇ ਕਿਹਾ, ਜੇਕਰ ਅਮਰੀਕ ਸਿੰਘ ਦੋਸ਼ੀ ਹੈ ਤਾਂ ਕੀਤੀ ਜਾਵੇ ਸਖ਼ਤ ਕਾਰਵਾਈ

Amrik Singh and Family

 

ਗੁਰਦਾਸਪੁਰ: ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਨੌਜੁਆਨਾਂ ਵਿਚੋਂ ਇਕ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ। ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 27 ਫ਼ਰਵਰੀ ਨੂੰ ਘਰ ਤੋਂ ਗਿਆ ਸੀ ਅਤੇ ਗੁਜਰਾਤ ਵਿਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਅਮਰੀਕ ਸਿੰਘ ਵਿਰੁਧ ਪਹਿਲਾਂ ਵੀ ਇਕ ਕੇਸ ਦਰਜ ਹੈ, ਇਸ ਵਿਚ ਉਹ ਜ਼ਮਾਨਤ ’ਤੇ ਹੈ। ਅਮਰੀਕ ਸਿੰਘ ਦੇ ਪਿਤਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਅਤੇ ਬੇਹੱਦ ਸ਼ਰਮਨਾਕ ਘਟਨਾ ਹੈ। ਜੇਕਰ ਅਮਰੀਕ ਦੋਸ਼ੀ ਹੈ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦਾ ਫੈਸਲਾ : ਰੱਦ ਕੀਤੀ ਸੇਂਟ ਕਬੀਰ ਪਬਲਿਕ ਸਕੂਲ-26 ਦੀ ਮਾਨਤਾ 

ਅਮਰੀਕ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਹੈ, ਜਦ ਪੁਲਿਸ ਉਨ੍ਹਾਂ ਦੇ ਘਰ ਆਈ। ਉਨ੍ਹਾਂ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਅਮਰੀਕ ਬਾਹਰ ਕੀ ਕੰਮ ਕਰਦਾ ਹੈ। ਪ੍ਰਵਾਰ ਨੇ ਦਸਿਆ ਕਿ ਅਮਰੀਕ ਸਿੰਘ ਦਾ ਵਿਆਹ ਪਿਛਲੇ ਸਾਲ 8 ਜੂਨ 2022 ਨੂੰ ਪਿੰਡ ਪੁਰੋਵਾਲ ਕਰੀਆਂ ਵਾਸੀ ਮਨਦੀਪ ਕੌਰ ਨਾਲ ਹੋਇਆ ਸੀ।

ਇਹ ਵੀ ਪੜ੍ਹੋ: ਸਕੂਲ ਬੱਸ ਦਾ ਇੰਤਜ਼ਾਰ ਕਰ ਰਹੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, 2 ਬੱਚਿਆਂ ਦੀ ਹੋਈ ਮੌਤ  

ਮੁਲਜ਼ਮ ਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਦੋਰਾਂਗਲਾ ਥਾਣੇ ਦੀ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਉਧਰ ਅਮਰੀਕ ਸਿੰਘ ਦੇ ਮਾਤਾ ਹਰਭਜਨ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਕਦੇ ਵੀ ਅਜਿਹੀ ਹਰਕਤ ਨਹੀਂ ਕਰ ਸਕਦਾ ਪਰ ਜੇਕਰ ਉਹ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੋਰ ਮੈਂਬਰਾਂ ਨੇ ਦਸਿਆ ਕਿ ਅਮਰੀਕ ਪਿਛਲੇ 3-4 ਸਾਲ ਤੋਂ ਪ੍ਰਵਾਰ ਦੇ ਕਹਿਣੇ ਤੋਂ ਬਾਹਰ ਸੀ। ਪਹਿਲਾਂ ਮੁਲਜ਼ਮ ਨੇ ਅੰਮ੍ਰਿਤ ਛਕਿਆ ਹੋਇਆ ਸੀ ਪਰ ਹੁਣ ਉਹ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਗਲਤ ਕੰਮਾਂ ਵਿਚ ਪੈ ਗਿਆ।

ਇਹ ਵੀ ਪੜ੍ਹੋ: ਮੁੰਬਈ 'ਚ ਹੋਵੇਗੀ ਰਾਸ਼ਟਰੀ ਵਿਧਾਇਕਾਂ ਦੀ ਕਾਨਫਰੰਸ: 15 ਤੋਂ 17 ਜੂਨ ਤੱਕ 4000 ਪ੍ਰਤੀਨਿਧੀ ਵੱਖ-ਵੱਖ ਮੁੱਦਿਆਂ 'ਤੇ ਕਰਨਗੇ ਚਰਚਾ

ਅਮਰੀਕ ਸਿੰਘ ਦੇ ਪਿਤਾ ਲਖਬੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਮਰੀਕ ਸਿੰਘ ਸ੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ 'ਚ ਹੋਏ ਬੰਬ ਧਮਾਕੇ 'ਚ ਸ਼ਾਮਲ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਨੇ ਲਵ ਮੈਰਿਜ ਕਰਵਾਈ ਸੀ ਅਤੇ ਉਦੋਂ ਤੋਂ ਹੀ ਅਪਣੀ ਪਤਨੀ ਨੂੰ ਅਪਣੇ ਨਾਲ ਲੈ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਪੁਲਿਸ ਅਮਰੀਕ ਸਿੰਘ ਦੀ ਪਤਨੀ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।