ਫ਼ਤਹਿਵੀਰ ਦੀ ਮੌਤ ਮਗਰੋਂ ਦਾਦਾ ਜੀ ਨੇ ਲੋਕਾਂ ਨੂੰ ਕੀਤੀ ਸ਼ਾਂਤ ਰਹਿਣ ਦੀ ਬੇਨਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਖ-ਵੱਖ ਜਥੇਬੰਦੀਆਂ ਨੇ ਭਲਕੇ ਸੰਗਰੂਰ ਬੰਦ ਰੱਖਣ ਦਾ ਦਿਤਾ ਸੀ ਸੱਦਾ

Rohi Singh

ਸੁਨਾਮ: 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 2 ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ ਅੱਜ ਸਵੇਰੇ 5.15 ਵਜੇ ਬਾਹਰ ਕੱਢਣ ਮਗਰੋਂ ਚੰਡੀਗੜ੍ਹ ਦੇ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫ਼ਤਹਿਵੀਰ ਨੂੰ ਮ੍ਰਿਤਕ ਐਲਾਨ ਦਿਤਾ। ਇਸ ਉਪਰੰਤ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਭਲਕੇ ਯਾਨੀ ਬੁੱਧਵਾਰ ਨੂੰ ਰੋਸ ਵਜੋਂ ਸੰਗਰੂਰ ਬੰਦ ਰੱਖਣ ਦਾ ਸੱਦਾ ਦਿਤਾ ਹੈ।

ਇਸ ਦੇ ਨਾਲ ਹੀ ਲੋਕਾਂ ਨੇ ਫ਼ਤਹਿਵੀਰ ਨੂੰ ਬੋਰਵੈੱਲ ’ਚੋਂ ਬਾਹਰ ਕੱਢਣ ਲਈ ਕੁਤਾਹੀ ਵਰਤਣ ਵਾਲੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਰੁਧ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਪਰ ਇਸ ਦੇ ਬਾਵਜੂਦ ਫ਼ਤਹਿਵੀਰ ਸਿੰਘ ਦੇ ਦਾਦਾ ਜੀ ਸ਼੍ਰੀ ਰੋਹੀ ਜੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਬੇਨਤੀ ਕੀਤੀ ਹੈ ਕਿ ਸਮੂਹ ਸੰਗਤ ਤੇ ਪ੍ਰਸ਼ਾਸਨ ਵਲੋਂ ਫ਼ਤਹਿਵੀਰ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਇਸ ਲਈ ਹੁਣ ਆਪਾਂ ਸਾਰੇ ਫ਼ਤਹਿ ਦੇ ਨਾਂਅ ’ਤੇ ਆਮ ਲੋਕਾਂ ਨੂੰ ਤੰਗ ਨਾ ਕਰੀਏ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਧਰਨਾ ਨਾ ਲਗਾਇਆ ਜਾਵੇ ਤੇ ਸਾਂਤੀ ਬਣਾਈ ਰੱਖੀਏ ਤਾਂ ਜੋ ਅਸੀਂ ਉਸ ਦੀ ਮਿੱਟੀ ਨੂੰ ਸ਼ਾਂਤੀ ਨਾਲ ਸਮੇਟ ਸਕੀਏ। ਸ਼੍ਰੀ ਰੋਹੀ ਜੀ ਨੇ ਇਸ ਦੌਰਾਨ ਲੋਕਾਂ ਨੂੰ ਜਾਮ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਭ ਨੂੰ ਆਪੋ ਅਪਣੇ ਧਾਰਮਿਕ ਸਥਾਨਾਂ ’ਤੇ ਫ਼ਤਹਿ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਸਭਾ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਇਸ ਮੁਸ਼ਕਿਲ ਘੜੀ ਵਿਚ ਸਾਡੀ ਮਦਦ ਕੀਤੀ।