ਫ਼ਤਹਿਵੀਰ ਦੀ ਮੌਤ ’ਤੇ ਲੋਕਾਂ ’ਚ ਗੁੱਸਾ, ਭਲਕੇ ਸੰਗਰੂਰ ਬੰਦ ਰੱਖਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਖ-ਵੱਖ ਥਾਵਾਂ ’ਤੇ ਲੋਕ ਇਕੱਠੇ ਹੋਣੇ ਹੋਏ ਸ਼ੁਰੂ

Protest by peoples in Sangrur and Sunam against Fatehveer Death

ਸੰਗਰੂਰੂ: 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 2 ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ ਅੱਜ ਸਵੇਰੇ 5.15 ਵਜੇ ਬਾਹਰ ਕੱਢਣ ਮਗਰੋਂ ਚੰਡੀਗੜ੍ਹ ਦੇ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫ਼ਤਹਿਵੀਰ ਨੂੰ ਮ੍ਰਿਤਕ ਐਲਾਨ ਦਿਤਾ। ਫ਼ਤਹਿਵੀਰ ਦੀ ਮੌਤ ਦੀ ਖ਼ਬਰ ਆਉਣ ਮਗਰੋਂ ਪੰਜਾਬ ਭਰ ਦੇ ਲੋਕਾਂ ’ਚ ਰੋਸ ਦੀ ਲਹਿਰ ਹੈ। ਵੱਖ-ਵੱਖ ਥਾਵਾਂ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਵਲੋਂ ਸੰਗਰੂਰ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਜਾਮ ਲਗਾਏ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਸੁਨਾਮ ਵਿਖੇ ਆਈਟੀ ਚੌਂਕ ਉਤੇ ਜਾਮ ਲਗਾ ਦਿਤਾ ਗਿਆ ਹੈ। ਰੋਸ ਵਜੋਂ ਸੁਨਾਮ ਸ਼ਹਿਰ ਨੂੰ ਬੰਦ ਕੀਤਾ ਗਿਆ ਹੈ। ਸੰਗਰੂਰ ਦੀਆਂ ਵੱਖ ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵਲੋਂ ਕੱਲ੍ਹ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਅੱਜ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਫ਼ਤਹਿਵੀਰ ਸਿੰਘ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਵਿਰੁਧ ਸੰਗਰੂਰ ਨੂੰ ਬੰਦ ਰੱਖਿਆ ਜਾਵੇਗਾ।

ਦੱਸਣਯੋਗ ਹੈ ਕਿ ਸੁਨਾਮ ਨੇੜੇ ਪਿੰਡ ਭਗਵਾਨਪੁਰਾ ’ਚ ਬੀਤੇ ਵੀਰਵਾਰ ਨੂੰ 2 ਸਾਲਾਂ ਮਾਸੂਮ ਫ਼ਤਹਿਵੀਰ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਪਿਆ ਸੀ। ਉਸ ਨੂੰ ਮੰਗਲਵਾਰ ਸਵੇਰੇ 5.15 ਵਜੇ ਰੱਸੀਆਂ ਤੇ ਕੁੰਡੀਆਂ ਦੀ ਮਦਦ ਨਾਲ ਉਸੇ ਬੋਰਵੈੱਲ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ਵਿਚ ਡਿੱਗਿਆ ਸੀ। ਬਾਹਰ ਕੱਢਣ ਮਗਰੋਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫ਼ਤਿਹਵੀਰ ਨੂੰ ਮ੍ਰਿਤਕ ਐਲਾਨ ਦਿਤਾ।