ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏ.ਐਸ.ਆਈ ਵਲੋਂ 10,000 ਰੁਪਏ ਦੀ ਕੀਤੀ ਗਈ ਸੀ ਮੰਗ

Vigilance nabs ASI for taking bribe Rs. 8,000

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ਹਿਰੀ ਥਾਣਾ, ਫਿਰੋਜ਼ਪੁਰ ਵਿਖੇ ਤੈਨਾਤ ਏ.ਐਸ.ਆਈ. ਮੇਜਰ ਸਿੰਘ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਨਸੀਬ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੀ ਸ਼ਿਕਾਇਤ 'ਤੇ ਫੜਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪੁਲਿਸ ਕੇਸ ਵਿਚ ਸ਼ਾਮਲ ਵਿਰੋਧੀ ਧਿਰ ਦੇ ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਵਿਰੁਧ ਅਦਾਲਤ ਵਿਚ ਚਲਾਨ ਪੇਸ਼ ਕਰਨ ਅਤੇ ਇਸ ਕੇਸ ਵਿਚ ਉਸ ਦੀ ਮਦਦ ਕਰਨ ਬਦਲੇ ਏ.ਐਸ.ਆਈ ਵਲੋਂ 10,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 8,000 ਰੁਪਏ ਵਿਚ ਤੈਅ ਹੋਇਆ ਹੈ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।