22 ਜੁਲਾਈ ਨੂੰ  ਹੋਵੇਗੀ 1986 ਦੇ ਨਕੋਦਰ ਗੋਲੀਕਾਂਡ ਮਾਮਲੇ 'ਤੇ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਸ਼ਿਕਾਇਤਕਰਤਾ ਨੂੰ ਸਾਬਕਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਦੂਜਾ ਭਾਗ ਪੇਸ਼ ਕਰਨ ਲਈ ਕਿਹਾ

High Court

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ 1986 'ਚ ਵਾਪਰੇ ਨਕੋਦਰ ਗੋਲੀ ਕਾਂਡ ਦੇ ਮਾਮਲੇ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਇਕ ਤਰਾਂ ਨਾਲ ਫਿਰ ਟਲ ਗਈ । ਹਾਈਕੋਰਟ ਬੈਂਚ ਨੇ ਸ਼ਿਕਾਇਤਕਰਤਾ ਨੂੰ ਸਾਬਕਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਦੂਜਾ ਭਾਗ ਪੇਸ਼ ਕਰਨ ਲਈ ਆਖਦੇ ਹੋਏ ਸੁਣਵਾਈ 8 ਮਈ ਉਤੇ ਪਾ ਦਿਤੀ ਸੀ। ਇਸ ਤੋਂ ਬਾਅਦ ਫਿਰ ਸੁਣਵਾਈ ਨੂੰ ਟਾਲਦੇ ਹੋਏ ਉਹਨਾਂ ਨੇ ਇਸ ਦੇ ਲਈ 22 ਜੁਲਾਈ ਤਰੀਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਗ੍ਰਹਿ ਸਕੱਤਰ ਨੂੰ ਪਟੀਸ਼ਨਰ ਨੂੰ ਇਕ ਹਫ਼ਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਹਨ।

ਦੱਸਣਯੋਗ ਹੈ ਕਿ  ਗੋਲੀ ਕਾਂਡ ਵਿੱਚ ਸ਼ਹੀਦ ਹੋਏ 4 ਨੌਜਵਾਨਾਂ 'ਚੋਂ ਇਕ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਨੇ ਐਡਵੋਕੇਟ ਹਰੀ ਚੰਦ ਅਰੋੜਾ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਤਹਿਤ ਮੰਗ ਕੀਤੀ ਗਈ ਹੈ ਕਿ ਸੁਰਜੀਬ ਬਰਨਾਲਾ ਦੀ ਸਰਕਾਰ ਵੱਲੋਂ ਨਕੋਦਰ ਗੋਲੀ ਕਾਂਡ ਦੀ ਜਾਂਚ ਹਿੱਤ ਗਠਿਤ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਕਾਰਵਾਈ ਕੀਤੀ ਜਾਵੇ। ਇਸ ਪਟੀਸ਼ਨ ਤਹਿਤ ਅਕਾਲੀ ਦਲ ਦੇ ਫਤਿਹਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਉਮੀਦਵਾਰ ਦਰਬਾਰਾ ਸਿੰਘ ਗੁਰੂ (ਤਤਕਾਲੀ ਜ਼ਿਲਾ ਕਮਿਸ਼ਨਰ) ਸਣੇ ਕਈ ਸਾਬਕਾ ਅਧਿਕਾਰੀਆਂ ਖਿਲਾਫ਼ ਕਰਵਾਈ ਮੰਗੀ ਗਈ ਹੈ।

ਦੱਸਣਯੋਗ ਹੈ ਕਿ ਨਕੋਦਰ ਸਾਕੇ ਨਾਲ ਜਾਣੇ ਜਾਂਦੇ ਇਸ ਕਾਂਡ ਵਿਚ ਦੋ ਫਰਵਰੀ 1986 ਨੂੰ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ। ਇਸ ਘਟਨਾ ਵਿਰੁੱਧ ਚਾਰ ਫਰਵਰੀ 1986 ਨੂੰ ਰੋਸ ਪ੍ਰਗਟਾਉਂਦੇ ਸਿੱਖਾਂ ਉੱਪਰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਸ ਗੋਲੀਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ।