ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕਰੇ ਕੈਪਟਨ ਸਰਕਾਰ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਸਦ ਮੈਂਬਰ ਭਗਵੰਤ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜਤਾਲ ਕਰ ਰਹੇ ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕੀਤੇ ਜਾਣ।

Bhagwant Mann

ਚੰਡੀਗੜ੍ਹ: ‘ਪੰਜਾਬ ਦੇ ਸਮੂਹ ਸਰਕਾਰੀ ਡਾਕਟਰਾਂ ਵੱਲੋਂ ਕੰਮ ਛੱਡ ਦੇ ਹੜਤਾਲ ’ਤੇ ਜਾਣ ਦੇ ਫ਼ੈਸਲੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕੈਪਟਨ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਨਾਂਅ ’ਤੇ ਡਾਕਟਰਾਂ ਦੇ ਬਹੁਤ ਸਾਰੇ ਵਿੱਤੀ ਲਾਭ ਖ਼ਤਮ ਕਰ ਦਿੱਤੇ ਹਨ।’ ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜਤਾਲ ਕਰ ਰਹੇ ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕੀਤੇ ਜਾਣ।

ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼

ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਡਾਕਟਰ ਵਿੰਗ ਦੇ ਸੂਬਾ ਪ੍ਰਧਾਨ ਡਾ. ਰਵਜੋਤ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਨਾਂਅ ’ਤੇ ਪੰਜਾਬ ਦੇ ਸਾਰੇ ਸਰਕਾਰੀ ਮੁਲਾਜਮਾਂ ਨਾਲ ਇੱਕ ਵੱਡਾ ਮਜ਼ਾਕ ਕੀਤਾ ਹੈ ਕਿਉਂਕਿ ਸਰਕਾਰ ਦੇ ਫ਼ੈਸਲੇ ਨਾਲ ਮੁਲਜ਼ਮਾਂ ਨੂੰ ਵਿੱਤੀ ਲਾਭ ਮਿਲਣ ਦੀ ਥਾਂ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਡਾਕਟਰਾਂ ਦੇ ਨਾਨ ਪ੍ਰੈਕਟਿਸਿੰਗ ਅਲਾਊਂਸ ਨੂੰ 25 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰ ਦਿੱਤਾ ਹੈ, ਜਿਸ ਦੀ ਆਮ ਆਦਮੀ ਪਾਰਟੀ ਸਖ਼ਤ ਨਿਖੇਧੀ ਕਰਦੀ ਹੈ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲਿਆ, ਮਾਂ-ਪੁੱਤ ਦੀ ਹੋਈ ਮੌਤ

ਡਾਕਟਰ ਵਿੰਗ ਦੇ ਸੂਬਾ ਪ੍ਰਧਾਨ ਡਾ. ਰਵਜੋਤ ਨੇ ਦੱਸਿਆ ਕਿ ਜਦੋਂ ਸੂਬੇ ਦੇ ਸਰਕਾਰੀ ਡਾਕਟਰਾਂ ਨੇ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਆਪਣੇ ਹੱਕ ਲਈ ਸੰਘਰਸ਼ ਕੀਤਾ ਤਾਂ ਤਾਨਾਸ਼ਾਹ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ ਦੇ ਆਗੂਆਂ ਦੀਆਂ ਧੱਕੇ ਨਾਲ ਦੂਰ ਦੁਰਾਡੇ ਬਦਲੀਆਂ ਕਰ ਦਿੱਤੀਆਂ ਤਾਂ ਜੋ ਉਹ ਕੈਪਟਨ ਦੀ ਤਾਨਾਸ਼ਾਹੀ ਖ਼ਿਲਾਫ਼ ਸੰਘਰਸ਼ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨਾਲ  ਕੈਪਟਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਅਜਿਹਾ ਵਿਵਹਾਰ ਅਤਿ ਨਿੰਦਣਯੋਗ ਹੈ।

ਹੋਰ ਪੜ੍ਹੋ: ਅਖਿਲੇਸ਼ ਯਾਦਵ ਦਾ ਯੋਗੀ ਸਰਕਾਰ 'ਤੇ ਹਮਲਾ, 'ਭਾਜਪਾ ਤੋਂ ਵੱਡੀ ਗੁੰਡਾਗਰਦੀ ਵਾਲੀ ਪਾਰਟੀ ਕੋਈ ਨਹੀਂ'

ਸੰਸਦ ਮੈਂਬਰ ਭਗਵੰਤ ਮਾਨ ਅਤੇ ਡਾ. ਰਵਜੋਤ ਨੇ ਕਿਹਾ ਕਿ ਪੰਜਾਬ ਵਿਚੋਂ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਖ਼ਤਮ ਨਹੀਂ ਹੋਇਆ ਅਤੇ ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਅਜਿਹੀ ਹਾਲਤ ਵਿੱਚ ਡਾਕਟਰਾਂ ਦੇ ਹੱਕ ਮਾਰਨੇ ਸੂਬਾ ਸਰਕਾਰ ਨੂੰ ਸੋਭਾ ਨਹੀਂ ਦਿੰਦਾ। ਆਪ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਨੂੰ ਪਹਿਲਾਂ ਦੀ ਤਰਜ਼ ’ਤੇ ਹੀ ਬੇਸਿਕ ਤਨਖਾਹ ਦੇ ਨਾਲ ਭੱਤੇ ਦਿੱਤੇ ਜਾਣ ਅਤੇ ਸੰਘਰਸ਼ ਕਰਨ ਵਾਲੇ ਡਾਕਟਰ ਆਗੂਆਂ ਦੀਆਂ ਕੀਤੀਆਂ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਤਾਂ ਜੋ ਸਮੂਹ ਡਾਕਟਰ ਬੇਫ਼ਿਕਰ ਹੋ ਕੇ ਤੀਜੀ ਲਹਿਰ ਦੇ ਸਮੇ ਲੋਕਾਂ ਦਾ ਇਲਾਜ਼ ਕਰ ਸਕਣ।