ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ, 78 ਹਜ਼ਾਰ ਰੁਪਏ ਕਿਲੋ ਹੈ ਕੀਮਤ, ਜਾਣੋ ਖ਼ਾਸੀਅਤ

ਏਜੰਸੀ

ਖ਼ਬਰਾਂ, ਪੰਜਾਬ

ਗਧੀ ਦੇ ਦੁੱਧ ਨਾਲ ਪੁਰਾਤਨ ਕਹਾਣੀਆਂ ਵੀ...

Cheese Donkey Milk

ਚੰਡੀਗੜ੍ਹ: ਪਨੀਰ ਦੀਆਂ ਬਣੀਆਂ ਚੀਜ਼ਾਂ ਸਾਰਿਆਂ ਨੂੰ ਪਸੰਦ ਹੁੰਦੀਆਂ ਹਨ। ਆਮ ਤੌਰ 'ਤੇ ਪਨੀਰ ਸਾਨੂੰ 250 ਤੋਂ 300 ਰੁਪਏ ਕਿਲੋ ਤਕ ਮਿਲ ਜਾਂਦਾ ਹੈ ਪਰ ਯੂਰਪੀ ਦੇਸ਼ ਸਰਬੀਆ ਵਿਚ ਇਕ ਪਨੀਰ ਮਿਲਦਾ ਹੈ ਜੋ ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ ਹੈ ਅਤੇ ਇਸ ਦੀ ਕੀਮਤ ਹਜ਼ਾਰ-ਦੋ ਹਜ਼ਾਰ ਰੁਪਏ ਨਹੀਂ ਬਲਕਿ ਇਸ ਦੀ ਕੀਮਤ 78 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਹੋ ਗਏ ਨਾ ਹੈਰਾਨ?

ਦਰਅਸਲ ਦੁਨੀਆ ਦਾ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਇਹ ਪਨੀਰ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਨਹੀਂ ਹੁੰਦਾ ਬਲਕਿ ਇਹ ਖ਼ਾਸ ਪਨੀਰ ਗਧੀ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਗਧੀ ਦਾ ਦੁੱਧ ਅਪਣੀ ਕੀਮਤ ਅਤੇ ਸਵਾਦ ਕਰ ਕੇ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਗਧੀ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਹ ਪਨੀਰ ਯੂਰਪੀ ਦੇਸ਼ ਸਰਬੀਆ ਦੇ ਇਕ ਫਾਰਮ ਵਿਚ ਤਿਆਰ ਕੀਤਾ ਜਾਂਦਾ ਹੈ।

ਇਸ ਨੂੰ ਤਿਆਰ ਕਰਨ ਵਾਲੇ ਸਲੋਬੋਦਾਨ ਸਿਮਿਕ ਦਾ ਕਹਿਣਾ ਹੈ ਕਿ ਇਹ ਪਨੀਰ ਨਾ ਸਿਰਫ਼ ਲਜੀਜ਼ ਹੁੰਦੇ ਹਨ ਬਲਕਿ ਸਿਹਤ ਦੇ ਲਿਹਾਜ ਨਾਲ ਵੀ ਕਾਫ਼ੀ ਵਧੀਆ ਹੁੰਦਾ ਹੈ। ਉਤਰੀ ਸਰਬੀਆ ਦੇ ਇਕ ਕੁਦਰਤੀ ਰਿਜ਼ਰਵ ਨੂੰ ਜੈਸਾਵਿਕਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿੱਥੇ ਸਿਮਿਕ ਨੇ 200 ਤੋਂ ਜ਼ਿਆਦਾ ਗਧੀਆਂ ਪਾਲ਼ੀਆਂ ਹੋਈਆਂ ਨੇ ਅਤੇ ਉਹ ਇਨ੍ਹਾਂ ਦੇ ਦੁੱਧ ਤੋਂ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਦੇ ਹਨ।

ਸਿਮਿਕ ਦਾ ਦਾਅਵਾ ਹੈ ਕਿ ਸਰਬੀਆ ਦੀਆਂ ਇਨ੍ਹਾਂ ਗਧੀਆਂ ਦੇ ਦੁੱਧ ਵਿਚ ਮਾਂ ਦੇ ਦੁੱਧ ਵਰਗੇ ਗੁਣ ਹੁੰਦੇ ਹੈ। ਇਕ ਮਨੁੱਖੀ ਬੱਚੇ ਨੂੰ ਜਨਮ ਦੇ ਪਹਿਲੇ ਦਿਨ ਤੋਂ ਹੀ ਇਹ ਦੁੱਧ ਪਿਲਾਇਆ ਜਾ ਸਕਦਾ ਹੈ, ਉਹ ਵੀ ਬਿਨਾਂ ਪਤਲਾ ਕੀਤੇ। ਸਿਮਿਕ ਦਾ ਦਾਅਵਾ ਹੈ ਕਿ ਇਸ ਦਾ ਸੇਵਨ ਅਸਥਮਾ ਅਤੇ ਬ੍ਰਾਕਾਈਟਿਸ ਵਰਗੇ ਰੋਗਾਂ ਵਿਚ ਫ਼ਾਇਦੇਮੰਦ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਅਜੇ ਤਕ ਇਸ ਦੁੱਧ 'ਤੇ ਕੋਈ ਵਿਗਿਆਨਕ ਖੋਜ ਨਹੀਂ ਹੋਈ।

ਇਕ ਰਿਪੋਰਟ ਵਿਚ ਯੂਨਾਇਟਡ ਨੇਸ਼ਨਜ਼ ਨੇ ਇਸ ਦੁੱਧ ਬਾਰੇ ਕਿਹਾ ਸੀ ਕਿ ਇਹ ਉਨ੍ਹਾਂ ਲੋਕਾਂ ਲਈ ਬਿਹਤਰੀਨ ਬਦਲ ਹੈ, ਜਿਨ੍ਹਾਂ ਨੂੰ ਗਾਂ ਦੇ ਦੁੱਧ ਤੋਂ ਅਲਰਜੀ ਵਰਗੀਆਂ ਸਮੱਸਿਆਵਾਂ ਹਨ। ਇਸ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਗਧੀ ਦੇ 25 ਕਿਲੋ ਦੁੱਧ ਤੋਂ ਮਹਿਜ਼ ਇਕ ਕਿਲੋ ਪਨੀਰ ਤਿਆਰ ਹੁੰਦਾ ਹੈ, ਜਿਸ ਦਾ ਸਵਾਦ ਭੇਡ ਦੇ ਦੁੱਧ ਤੋਂ ਬਣੇ ਪਨੀਰ ਵਰਗਾ ਹੁੰਦਾ ਹੈ।

ਗਧੀ ਦੇ ਦੁੱਧ ਨਾਲ ਪੁਰਾਤਨ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ। ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਮਿਸ਼ਰ ਦੀ ਬੇਹੱਦ ਸੁੰਦਰ ਰਾਣੀ ਕਿਲਯੋਪੇਟਰਾ ਦੀ ਸੁੰਦਰਤਾ ਦਾ ਰਾਜ ਗਧੀ ਦਾ ਦੁੱਧ ਸੀ, ਜਿਸ ਨਾਲ ਉਹ ਰੋਜ਼ਾਨਾ ਨਹਾਇਆ ਕਰਦੀ ਸੀ। ਸਰਬੀਆ ਸਮੇਤ ਕੁੱਝ ਹੋਰ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਸੁੰਦਰਤਾ ਵਧਾਉਣ ਦੇ ਲਿਹਾਜ ਨਾਲ ਵੀ ਇਸ ਦਾ ਸੇਵਨ ਕਰਦੇ ਹਨ। ਇਸ ਕਰਕੇ ਵੀ ਗਧੀ ਦਾ ਦੁੱਧ ਲੋਕਾਂ ਵਿਚ ਕਾਫ਼ੀ ਲੋਕਪ੍ਰਿਯ ਹੈ।

ਸਰਬੀਆ ਦੇ ਇਸ ਫਾਰਮ ਦੇ ਮਾਲਕ ਸਿਮਿਕ ਦਾ ਕਹਿਣਾ ਹੈ ਕਿ ਦੁਨੀਆ ਵਿਚ ਉਨ੍ਹਾਂ ਤੋਂ ਪਹਿਲਾਂ ਗਧੀ ਦੇ ਦੁੱਧ ਤੋਂ ਕਿਸੇ ਨੇ ਪਨੀਰ ਨਹੀਂ ਬਣਾਇਆ। ਜਦੋਂ ਉਨ੍ਹਾਂ ਨੂੰ ਇਸ ਦੁੱਧ ਤੋਂ ਪਨੀਰ ਬਣਾਉਣ ਦਾ ਆਈਡੀਆ ਆਇਆ ਤਾਂ ਪਹਿਲਾਂ ਸਮੱਸਿਆ ਇਹ ਸੀ ਕਿ ਇਸ ਦੁੱਧ ਵਿਚ ਕੈਸੀਨ ਦਾ ਪੱਧਰ ਬਹੁਤ ਘੱਟ ਹੁੰਦਾ ਹੈ ਜੋ ਪਨੀਰ ਲਈ ਬਾਂਡਿੰਗ ਦਾ ਕੰਮ ਕਰਦਾ ਹੈ। ਫਿਰ ਜਦੋਂ ਇਸ ਵਿਚ ਥੋੜ੍ਹਾ ਬੱਕਰੀ ਦਾ ਦੁੱਧ ਮਿਲਾਇਆ ਗਿਆ ਤਾਂ ਪਨੀਰ ਬਣਾਉਣ ਵਿਚ ਕਾਮਯਾਬੀ ਮਿਲ ਗਈ।

ਖ਼ਾਸ ਗੱਲ ਇਹ ਵੀ ਹੈ ਕਿ ਇਕ ਗਧੀ ਇਕ ਦਿਨ ਵਿਚ ਇਕ ਲੀਟਰ ਦੁੱਧ ਵੀ ਨਹੀਂ ਦਿੰਦੀ ਜਦਕਿ ਇਕ ਗਾਂ ਤੋਂ 40 ਲੀਟਰ ਤਕ ਦੁੱਧ ਇਕ ਦਿਨ ਵਿਚ ਮਿਲ ਸਕਦਾ ਹੈ। ਇਸੇ ਕਰਕੇ ਇਸ ਪਨੀਰ ਦਾ ਉਤਪਾਦਨ ਕਾਫ਼ੀ ਘੱਟ ਹੁੰਦਾ ਹੈ। ਇਕ ਸਾਲ ਵਿਚ ਇਹ ਫ਼ਾਰਮ ਸਿਰਫ਼ 6 ਤੋਂ 15 ਕਿਲੋ ਤਕ ਪਨੀਰ ਹੀ ਬਣਾ ਕੇ ਵੇਚਦੇ ਹਨ। ਘੱਟ ਉਤਪਾਦਨ ਕਾਰਨ ਹੀ ਇਸ ਦੀ ਕੀਮਤ ਕਾਫ਼ੀ ਜ਼ਿਆਦਾ ਹੈ।

ਇਹ ਪਨੀਰ 2012 ਵਿਚ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਸਰਬੀਆ ਦੇ ਟੈਨਿਸ ਸਟਾਰ ਨੋਵਾਕ ਜੋਕੋਵਿਚ ਦੇ ਬਾਰੇ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਲਈ ਇਸ ਪਨੀਰ ਦੀ ਸਾਲਾਨਾ ਸਪਲਾਈ ਕੀਤੀ ਜਾਂਦੀ ਹੈ, ਹਾਲਾਂਕਿ ਬਾਅਦ ਵਿਚ ਨੋਵਾਕ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ। ਇਸ ਫ਼ਾਰਮ ਵਿਚ ਪਾਲੇ ਜਾਂਦੇ ਗਧੇ ਬਾਲਕਨ ਪ੍ਰਜਾਤੀ ਦੇ ਹਨ ਜੋ ਸਰਬੀਆ ਦੇ ਮਾਂਟੇਨੇਗ੍ਰੋ ਸੂਬੇ ਵਿਚ ਹੀ ਪਾਏ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।