'ਸਪੋਕਸਮੈਨ ਤੋਂ ਡਰ ਗਏ ਨੇ ਅਕਾਲੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਵਲੋਂ ਪਟਿਆਲਾ ਰੈਲੀ 'ਚ ਦਿਤੇ ਗਏ 'ਰੋਜ਼ਾਨਾ ਸਪੋਕਸਮੈਨ' ਅਤੇ 'ਜ਼ੀ ਨਿਊਜ਼' ਦੇ ਬਾਈਕਾਟ ਦੇ ਸੱਦੇ ਵਿਰੁਧ ਹਰ ਵਰਗ ਦਾ ਪ੍ਰਤੀਕਰਮ..........

Bhagwant Mann

ਚੰਡੀਗੜ੍ਹ  :  ਅਕਾਲੀ ਦਲ ਵਲੋਂ ਪਟਿਆਲਾ ਰੈਲੀ 'ਚ ਦਿਤੇ ਗਏ 'ਰੋਜ਼ਾਨਾ ਸਪੋਕਸਮੈਨ' ਅਤੇ 'ਜ਼ੀ ਨਿਊਜ਼' ਦੇ ਬਾਈਕਾਟ ਦੇ ਸੱਦੇ ਵਿਰੁਧ ਹਰ ਵਰਗ ਦਾ ਪ੍ਰਤੀਕਰਮ ਪ੍ਰਾਪਤ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਨਾਮਵਰ ਟੀਵੀ-ਫ਼ਿਲਮ ਕਲਾਕਾਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨਾਲ ਵਰਤੀ ਗਈ ਤਲਖ਼ੀ ਅਕਾਲੀਆਂ ਦੇ ਡਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਅਕਾਲੀਆਂ ਨੂੰ ਇਸ ਅਖ਼ਬਾਰ ਤੋਂ ਡਰ ਲੱਗਣ ਲੱਗ ਪਿਆ ਹੈ। ਮੀਡੀਆ ਇਸ ਭਬਕੀ ਦੀ ਰਤਾ ਭਰ ਵੀ ਪ੍ਰਵਾਹ ਨਾ ਕਰੇ ਪਰ ਸੱਚ ਉਤੇ ਡਟਿਆ ਰਹੇ।

ਭਗਵੰਤ ਮਾਨ ਨੇ ਕਿਹਾ ਕਿ ਸੱਚ ਕੌੜਾ ਜ਼ਰੂਰ ਹੁੰਦੈ ਪਰ ਫ਼ਾਇਦੇਮੰਦ ਹੁੰਦਾ ਹੈ ਤੇ ਮੀਡੀਆ ਜੇ ਉਨ੍ਹਾਂ (ਭਗਵੰਤ ਮਾਨ) ਬਾਰੇ ਵੀ ਪੂਰਾ ਸੱਚ ਲਿਖਦਾ ਹੈ ਤਾਂ ਉਹ ਖਿੜੇ ਮੱਥੇ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਹੁਣ ਮਹਿਜ਼ ਇਕ ਵਿਧਾਇਕ ਦੀ ਹੈਸੀਅਤ ਵਿਚ ਹੈ ਪਰ 'ਰੱਸੀ ਸੜ ਗਈ ਵੱਟ ਨਹੀਂ ਗਿਆ'। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਜ਼ਮੀਨੀ ਹਕੀਕਤ ਸਮਝਣ ਦੀ ਗੱਲ ਆਖਦਿਆਂ

ਕਿਹਾ ਕਿ ਕਦੇ ਉਹ ਮੀਡੀਆ ਨੂੰ ਤੇ ਕਦੇ ਕਿਸੇ ਪੁਲਿਸ ਅਧਿਕਾਰੀ ਨੂੰ ਵੇਖ ਲੈਣ ਦੀਆਂ ਧਮਕੀਆਂ ਦੇ ਰਹੇ ਹਨ ਜੋ ਸਿਰਫ਼ ਉਨ੍ਹਾਂ ਦੇ ਅਸਲੀਅਤ ਤੋਂ ਪਰੇ ਹੋਣ ਦਾ ਸਬੂਤ ਹਨ। ਮਾਨ ਨੇ ਕਿਹਾ ਕਿ ਪੰਜਾਬ 'ਬਾਦਲਾਂ' ਦੇ ਬਾਪ ਦੀ ਜਗੀਰ ਨਹੀਂ ਹੈ। ਉਹ ਹੈਰਾਨ ਹਨ ਕਿ ਸੁਖਬੀਰ ਸਿੰਘ ਬਾਦਲ ਖ਼ੁਦ ਪੀਟੀਸੀ ਟੀਵੀ ਦੇ ਮਾਲਕ ਹਨ ਤਾਂ ਇਕ ਮੀਡੀਆ ਵਾਲਾ ਕਿਵੇਂ ਕਹਿ ਸਕਦਾ ਹੈ ਕਿ ਦੂਜਾ ਮੀਡੀਆ ਅਰਥਾਤ 'ਸਪੋਕਸਮੈਨ' ਅਤੇ ਜ਼ੀ ਨਿਊਜ਼' ਨਾ ਪੜ੍ਹੋ, ਨਾ ਵੇਖੋ।

Related Stories