ਖਹਿਰਾ ਧੜੇ ਵਲੋਂ ਭਗਵੰਤ ਮਾਨ ਦੀ ਦੋ ਸਾਲ ਪੁਰਾਣੀ ਆਡੀਉ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਅੱਜ ਇੱਥੇ ਸ਼ਾਹੀ ਹੋਟਲ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ.........

Leaders of Khaira faction talking to the Journalists

ਫ਼ਰੀਦਕੋਟ : ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਅੱਜ ਇੱਥੇ ਸ਼ਾਹੀ ਹੋਟਲ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਭਗਵੰਤ ਮਾਨ ਦੀ ਇੱਕ ਕਥਿਤ ਆਡੀਓ ਜਾਰੀ ਕੀਤੀ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੋਣ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਭਗਵੰਤ ਮਾਨ ਕੁਝ ਪਾਰਟੀ ਵਰਕਰਾਂ ਨਾਲ ਬਾਘਾਪੁਰਾਣਾ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਾਰੇ ਗੱਲ ਕਰ ਰਿਹਾ ਹੈ ਜਿੱਥੋਂ ਐੱਚ.ਐੱਸ.ਫੂਲਕਾ ਦਾ ਰਿਸ਼ਤੇਦਾਰ ਗੁਰਬਿੰਦਰ ਸਿੰਘ ਕੰਗ ਚੋਣ ਲੜਿਆ ਸੀ ਅਤੇ ਉਹ 4000 ਵੋਟ ਦੇ ਫਰਕ ਨਾਲ ਇਹ ਚੋਣ ਹਾਰ ਗਿਆ ਸੀ। 

ਆਪ ਆਗੂਆਂ ਸਨਕਦੀਪ ਸਿੰਘ ਸੰਧੂ ਅਤੇ ਸਵਰਨ ਸਿੰਘ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਜਿਸ ਕਰਕੇ ਉਹ ਚੋਣ ਹਾਰ ਗਿਆ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਹੁਣ ਆਮ ਆਦਮੀ ਪਾਰਟੀ ਨੇ ਸੂਬੇ ਦਾ ਮੁਖੀ ਥਾਪਣ ਦਾ ਫੈਸਲਾ ਕੀਤਾ ਹੈ। ਕਰੀਬ ਦੋ ਸਾਲ ਪੁਰਾਣੀ ਆਡੀਓ ਨੂੰ ਜਾਰੀ ਕਰਕੇ ਸੁਖਪਾਲ ਖਹਿਰਾ ਦੇ ਧੜੇ ਨੇ ਇਸ ਆਡੀਓ ਦੀ ਜਾਂਚ ਮੰਗ ਕਰਦਿਆਂ ਭਗਵੰਤ ਮਾਨ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਕੋਈ ਆਡੀਓ ਨਹੀਂ ਸੁਣੀ ਅਤੇ ਉਸ ਨੇ ਚੋਣਾਂ ਦੌਰਾਨ ਪੰਜਾਬ ਵਿੱਚ ਕਰੀਬ 300 ਰੈਲੀਆਂ ਅਪਣੇ ਉਮੀਦਵਾਰਾਂ ਦੇ ਹੱਕ 'ਚ ਕੀਤੀਆਂ ਸਨ। ਭਗਵੰਤ ਮਾਨ ਨੇ ਕਿਹਾ ਕਿ ਉਸ ਦਾ ਕੋਈ ਧੜਾ ਨਹੀਂ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਅਪਣਾ ਆਗੂ ਮੰਨਦੇ ਹਨ। ਉਨਾਂ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਖਹਿਬੜਣ ਦੀ ਥਾਂ ਇੱਕਮੁੱਠ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।