ਪਾਰਟੀ ਲੀਡਰਸ਼ਿਪ ਵਾਲੇ 10 ਸਾਲ ਸੱਤਾ ਦਾ ਸੁੱਖ ਭੋਗਣ ਵੇਲੇ ਕਿਉਂ ਨਹੀਂ ਬੋਲੇ? : ਹਰਸਿਮਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ 'ਤੇ ਅਸਿੱਧੇ ਢੰਗ ਨਾਲ ਹਮਲਾ

Harsimrat speaks on Brahmpura

ਸ.ਸ.ਸ. 11 ਨਵੰਬਰ, ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ 'ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਦਾਅਵਾ ਕੀਤਾ ਕਿ ''ਸੂਬੇ 'ਚ ਦਸ ਸਾਲ ਸੱਤਾ ਦਾ ਸੁੱਖ ਭੋਗਣ ਸਮੇਂ ਉਹ ਕਿਉਂ ਚੁੱਪ ਰਹੇ।'' ਅੱਜ ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ 170 ਏਕੜ ਵਿੱਚ ਬਣ ਰਹੇ ਏਮਜ਼ ਦਾ ਦੌਰਾ ਕਰ ਕੇ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਪੁੱਜੇ ਸ਼੍ਰੀਮਤੀ ਬਾਦਲ ਨੇ ਇਨ੍ਹਾਂ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਿਕਵਾ ਜਾਂ ਸਿਕਾਇਤ ਹੈ

ਤਾਂ ਉਨ੍ਹਾਂ ਨੂੰ ਪਾਰਟੀ ਦੇ ਅੰਦਰ ਫ਼ੋਰਮ 'ਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਖੁਲ੍ਹੇ ਤੌਰ 'ਤੇ ਪਾਰਟੀ ਨੀਤੀਆਂ ਦੀ ਨਿੰਦਾ ਕਰ ਕੇ ਗ਼ਲਤ ਰਾਹ ਅਪਣਾਉਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਏਮਜ਼ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਦੇ ਖੁਲ੍ਹਣ ਨਾਲ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਜਾਣਗੀਆਂਹਰਸਿਮਰਤ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਬਦਲਣ ਕਾਰਨ ਏਮਜ ਦੇ ਕੰਮ ਨੂੰ ਨੇਪਰੇ ਚਾੜ੍ਹਣ ਲਈ ਬਹੁਤ ਸਾਰੀਆਂ ਮੰਨਜੂਰੀਆਂ ਦੇਣ ਵਿੱਚ ਮੌਜੂਦਾ ਪੰਜਾਬ ਸਰਕਾਰ ਨੇ ਦੇਰੀ ਕੀਤੀ ਹੈ ਜਿਸ ਕਰਕੇ ਏਮਜ ਦੀ ਉਸਾਰੀ ਦੀ ਚਾਲ ਮੱਠੀ ਪੈ ਗਈ।

ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਕੰਮ ਸੂਬਾ ਸਰਕਾਰ ਵੱਲੋਂ ਕੀਤੇ ਜਾਣੇ ਬਾਕੀ ਹਨ। ਏਮਜ ਵਿਚ ਅਜੇ ਤਕ 66 ਕੇਵੀ ਬਿਜਲੀ ਦਾ ਗਰਿੱਡ ਨਹੀਂ ਬਣ ਸਕਿਆ ਪਰ ਫਿਰ ਵੀ ਵਿਕਾਸ ਕੰਮਾਂ ਵਿਚ ਤੇਜੀ ਲਿਆਂਦੀ ਜਾਵੇਗੀ। ਕੇਂਦਰੀ ਮੰਤਰੀ ਨੇ ਆਸ ਪ੍ਰਗਟਾਈ ਕਿ ਫਰਵਰੀ 2019 ਵਿੱਚ ਇਸ ਹਸਪਤਾਲ ਦੀ ਓਪੀਡੀ ਸ਼ੁਰੂ ਕਰ ਦਿੱਤੇ ਜਾਣ ਦੀ ਉਮੀਦ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਝੋਨੇ ਦੀ ਬਿਜਾਈ 20 ਜੂਨ ਕਰਨ ਨਾਲ ਝੋਨੇ ਵਿਚ ਨਮੀ ਦੀ ਮਾਤਰਾ ਵਧ ਗਈ ਹੈ

ਜਿਸ ਕਾਰਨ ਪੰਜਾਬ ਸਰਕਾਰ ਦੀ ਗਲਤੀ ਕਾਰਨ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਮਾਮਲਾ ਕਿਸਾਨਾਂ 'ਤੇ ਹੀ ਛੱਡ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪ੍ਰੈਕਟੀਕਲ ਕਰਦਿਆ ਪਤਾ ਹੈ ਕਿ ਕਿਹੜੀ ਫਸਲ ਦੀ ਕਦੋਂ ਬਿਜਾਈ ਕਰਨੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਸੀ ਪਰ ਫਿਰ ਵੀ ਕੈਪਟਨ ਸਰਕਾਰ ਆਪਣੀ ਜਿੱਦ 'ਤੇ ਅੜੀ ਰਹੀ।