ਅਮੀਰ ਬਣ ਕੇ ਪੰਜਾਬੀ ਮਾਂ ਦਾ ਪੱਲਾ ਛੱਡ ਜਾਣ ਵਾਲੇ ਬਹਿਰੂਪੀਏ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ-ਬੋਲੀ ਪੰਜਾਬੀ ਉਤੇ ਜਨਸੰਘ ਨੇ 1951 ਦੀ ਮਰਦਮਸ਼ੁਮਾਰੀ ਸਮੇਂ ਫ਼ਿਰਕੂ ਸੋਚ ਅਧੀਨ ਹਮਲਾ ਕੀਤਾ ਸੀ ਜਦ ਪੰਜਾਬ ਵਿਚ ਜੰਮੇਪਲੇ ਪੰਜਾਬਣ ਮਾਵਾਂ ਦਾ ਦੁਧ ਚੁੰਘ ਕੇ ....

Gurdas mann

ਪਿਛਲੇ ਦਿਨੀਂ ਮਾਂ-ਬੋਲੀ ਪੰਜਾਬੀ ਸਬੰਧੀ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਸਟੇਜ ਤੋਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿਤੇ। ਮਾਂ-ਬੋਲੀ ਪੰਜਾਬੀ ਉਤੇ ਜਨਸੰਘ ਨੇ 1951 ਦੀ ਮਰਦਮਸ਼ੁਮਾਰੀ ਸਮੇਂ ਫ਼ਿਰਕੂ ਸੋਚ ਅਧੀਨ ਹਮਲਾ ਕੀਤਾ ਸੀ ਜਦ ਪੰਜਾਬ ਵਿਚ ਜੰਮੇਪਲੇ ਪੰਜਾਬਣ ਮਾਵਾਂ ਦਾ ਦੁਧ ਚੁੰਘ ਕੇ ਜੀਵਨ ਮਾਣ ਰਹੇ ਪੰਜਾਬੀਆਂ ਤੋਂ ਹਿੰਦੀ ਮਾਂ ਬੋਲੀ ਲਿਖਵਾਈ ਸੀ।

ਬਣਦਾ ਤਾਂ ਇਹ ਸੀ ਕਿ ਉਹ ਪੰਜਾਬੀ ਪਿਛਲੱਗ ਬਣ ਕੇ ਫ਼ਿਰਕਾਪ੍ਰਸਤਾਂ ਨਾਲ ਨਾ ਚਲਦੇ। ਪੰਜਾਬੀਆਂ ਨੇ ਸ਼ੁਰੂ ਤੋਂ ਕਈ ਜਾਬਰਾਂ ਦੇ ਜ਼ੁਲਮਾਂ ਦਾ ਟਾਕਰਾ ਕੀਤਾ ਹੈ, ਖ਼ਾਸ ਕਰ ਕੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਇਨ੍ਹਾਂ ਬਹੁਗਿਣਤੀ ਵਿਚ ਬੈਠੇ ਫ਼ਿਰਕਾਪ੍ਰਸਤ ਸ਼ਾਸਕਾਂ ਨੇ ਜੋ ਅਣਗੌਲਿਆਂ ਕੀਤਾ ਤੇ ਜੋ ਅੱਜ ਵੀ ਜਾਰੀ ਹੈ। ਇਹੀ ਅਸਲ ਮੁੱਦਾ ਹੈ। ਹੁਣ ਫਿਰ ਅਮਿਤ ਸ਼ਾਹ ਨੇ ਉਹੀ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਵਿਚ ਵਸਦੇ ਹਿੰਦੂ ਵੀਰਾਂ ਨੂੰ ਹੁਣ ਇਸ ਫ਼ਿਰਕਾਪ੍ਰਸਤ ਸੋਚ ਮਗਰ ਨਹੀਂ ਲਗਣਾ ਚਾਹੀਦਾ।

ਹਾਂ, ਇਹ ਗੱਲ ਹਿੱਕ ਠੋਕ ਕੇ ਜਾਗਦੀ ਜ਼ਮੀਰ ਵਾਲਾ ਪੰਜਾਬੀ ਹੀ ਕਹੇਗਾ ਕਿ ਹਿੰਦੀ ਸਾਡੀ ਮਾਸੀ ਵੀ ਨਹੀਂ ਜਦਕਿ ਸਰਕਾਰਾਂ ਨੇ ਪੰਜਾਬੀ ਮਾਂ-ਬੋਲੀ ਨੂੰ ਸਿਰਫ਼ ਸਿੱਖਾਂ ਦੀ ਬੋਲੀ ਐਲਾਨ ਕੇ ਸਦਾ ਹੀ ਵਿਤਕਰਾ ਕੀਤਾ ਹੈ। ਸਹਿਮਤ ਹਾਂ ਉਨ੍ਹਾਂ ਪੰਜਾਬੀ ਵੀਰਾਂ ਨਾਲ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਹਮੇਸ਼ਾ ਹੀ ਝੰਡਾ ਬੁਲੰਦ ਰਖਦੇ ਰਹੇ ਹਨ।

ਕੈਨੇਡਾ ਵਿਚ ਰੋਸ ਕਰ ਰਹੇ ਵੀ ਉਸੇ ਸੋਚ ਵਾਲੇ ਭਰਾ ਸਨ ਪਰ ਗੁਰਦਾਸ ਮਾਨ ਨੇ ਸਟੇਜ ਤੋਂ ਅਪਸ਼ਬਦ ਬੋਲ ਕੇ ਅਪਣੀ ਕੀਤੀ ਕਰਾਈ ਆਪ ਹੀ ਖੂਹ ਖਾਤੇ ਪਾ ਲਈ ਹੈ। ਹੁਣ ਹੋਰ ਵੀ ਪੰਜਾਬੀ ਕਲਾਕਾਰਾਂ ਨੂੰ ਅੱਗੇ ਲਈ ਸਬਕ ਲੈ ਲੈਣਾ ਚਾਹੀਦਾ ਹੈ ਕਿ ਸਟੇਜ ਤੋਂ ਕਿਸੇ ਦੀ ਵੀ ਸ਼ਾਨ ਵਿਰੁਧ ਬੋਲਣਾ ਏਨਾ ਮਹਿੰਗਾ ਪੈ ਸਕਦਾ ਹੈ ਕਿ ਪਿਛਲਾ ਸਾਰਾ ਕੀਤਾ ਕਰਾਇਆ ਜ਼ੀਰੋ ਹੋ ਸਕਦਾ ਹੈ।

-ਤੇਜਵੰਤ ਸਿੰਘ ਭੰਡਾਲ, ਦੋਰਾਹਾ (ਲੁਧਿਆਣਾ), ਸੰਪਰਕ : 98152-67963