ਕੇਂਦਰ ਨੇ ਨਵੀਂ ਸਿਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤ੍ਰਿਪਤ ਬਾਜਵਾ ਦੇ ਯਤਨਾਂ ਨੂੰ ਪਿਆ ਬੂਰ

Tripat Rajinder Singh Bajwa

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਉਚੇਰੀ ਸਿਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਦਸਿਆ ਹੈ ਕਿ ਕੇਂਦਰ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਮੰਗ ਮੰਨਦਿਆਂ ਨਵੀਂ ਕੌਮੀ ਸਿਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਛਾਪ ਕੇ ਸੂਬਾ ਸਰਕਾਰ ਨੂੰ ਅਪਣੀਆਂ ਟਿੱਪਣੀਆਂ ਲਈ ਭੇਜ ਦਿਤਾ ਹੈ।

ਸ. ਬਾਜਵਾ ਨੇ ਦਸਿਆ ਕਿ ਇਸ ਨਵੀਂ ਸਿਖਿਆ ਨੀਤੀ ਦਾ ਖਰੜਾ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿਚ ਹੀ ਮੁਹਈਆ ਕਰਵਾਇਆ ਗਿਆ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਕੇਂਦਰੀ ਮਨੁੱਖੀ ਸ੍ਰ੍ਰੋਤ ਵਿਕਾਸ ਮੰਤਰੀ ਨੂੰ ਪਿਛੇ ਜਿਹੇ ਇਕ ਪੱਤਰ ਲਿਖ ਕੇ ਜਾਣੂ ਕਰਵਾਇਆ ਸੀ ਕਿ ਪੰਜਾਬ ਦੇ ਸਿਖਿਆ ਪ੍ਰਬੰਧ ਨਾਲ ਸਬੰਧਤ ਤਕਰੀਬਨ ਸਾਰੀਆਂ ਹੀ ਧਿਰਾਂ ਦੀ ਮੰਗ ਹੈ ਕਿ ਨਵੀਂ ਕੌਮੀ ਸਿਖਿਆ ਨੀਤੀ ਦੇ ਖਰੜੇ ਨੂੰ ਪੰਜਾਬੀ ਭਾਸ਼ਾ ਵਿਚ ਮੁਹਈਆ ਕਰਵਾਇਆ ਜਾਵੇ ਤਾਕਿ ਸਿਖਿਆ ਨਾਲ ਸਬੰਧਤ ਵਿਅਕਤੀ ਇਸ ਉੱਤੇ ਅਪਣੇ ਸੁਝਾਅ ਅਤੇ ਟਿੱਪਣੀਆਂ ਭੇਜ ਸਕਣ।

ਉਚੇਰੀ ਸਿਖਿਆ ਮੰਤਰੀ ਨੇ ਦਸਿਆ ਕਿ ਹੁਣ ਦੂਜੀਆਂ ਭਾਸ਼ਾਵਾਂ ਦੀ ਤਰ੍ਹਾਂ ਇਸ ਸਿਖਿਆ ਨੀਤੀ ਦੇ ਖਰੜੇ ਦਾ ਸਾਰ ਪੰਜਾਬੀ ਭਾਸ਼ਾ ਵਿਚ ਵੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੀ ਵੈਬ ਸਾਈਟ ਉਤੇ ਮੁਹਈਆ ਕਰਵਾ ਦਿਤਾ ਗਿਆ ਹੈ। ਇਸ ਦੇ ਨਾਲ ਹੀ ਸ. ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਖਿਆ ਨੀਤੀ ਦਾ ਪੂਰਾ ਖਰੜਾ ਪੰਜਾਬੀ ਭਾਸ਼ਾ ਵਿਚ ਉਪਲੱਭਧ ਕਰਵਾਇਆ ਜਾਵੇ ਤਾਂ ਜੋ ਇਸ ਦੀ ਪੂਰੀ ਘੋਖ ਕਰ ਕੇ ਲੋੜੀਂਦੀਆਂ ਟਿੱਪਣੀਆਂ ਭੇਜੀਆਂ ਜਾ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।