ਕੱਚੀ ਕੰਧ ਤੋੜਦਿਆਂ ਵਾਪਰਿਆ ਹਾਦਸਾ, ਲੈਂਟਰ ਡਿਗਣ ਨਾਲ ਇਕ ਦੀ ਮੌਤ, ਇਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਛੋਟੀ ਮੁੰਡਿਆ ਦੇ ਪਰਮਜੀਤ ਨਗਰ ਇਲਾਕੇ ਵਿਚ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ, ਜਦੋਂ ਇਕ ਘਰ ਦੀ ਕੱਚੀ...

Worker Died Due To Falling Roof

ਲੁਧਿਆਣਾ (ਸਸਸ) : ਲੁਧਿਆਣਾ ਦੇ ਛੋਟੀ ਮੁੰਡਿਆ ਦੇ ਪਰਮਜੀਤ ਨਗਰ ਇਲਾਕੇ ਵਿਚ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ, ਜਦੋਂ ਇਕ ਘਰ ਦੀ ਕੱਚੀ ਕੰਧ ਤੋੜਦੇ ਸਮੇਂ ਲੈਂਟਰ ਹੀ ਹੇਠਾਂ ਡਿੱਗ ਪਿਆ। ਲੈਂਟਰ ਦੇ ਹੇਠਾਂ ਆਉਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਇਕ ਮਾਮੂਲੀ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਇਸ ਹਾਦਸੇ ਵਿਚ ਦੋ ਮਜ਼ਦੂਰ ਚੰਗੀ ਕਿਸਮਤ ਨਾਲ ਬੱਚ ਗਏ ਹਨ। ਕ੍ਰੇਨ ਬੁਲਾ ਕੇ ਮਲਬਾ ਪਾਸੇ ਕਰਵਾਇਆ ਗਿਆ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ।

ਮ੍ਰਿਤਕ ਦੀ ਪਹਿਚਾਣ ਗਣੇਸ਼ ਕੁਮਾਰ (19)  ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਣ ਤੋਂ ਕੁੱਝ ਸਮੇਂ ਬਾਅਦ ਥਾਣਾ ਫ਼ੋਕਲ ਪੁਆਇੰਟ ਦੀ ਪੁਲਿਸ ਮੌਕੇ ਉਤੇ ਪਹੁੰਚੀ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਂਦਾ ਦੇ ਰਹਿਣ ਵਾਲੇ ਪ੍ਰਮੋਦ ਨੇ ਦੱਸਿਆ ਕਿ ਉਹ ਇਕ ਨਿਜੀ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਗਣੇਸ਼ ਮਜ਼ਦੂਰੀ ਕਰਦਾ ਸੀ।

ਗਣੇਸ਼ ਠੇਕੇਦਾਰ ਰਾਹੁਲ ਦੇ ਨਾਲ ਕੰਮ ਕਰ ਰਿਹਾ ਸੀ। ਪਰਮਜੀਤ ਨਗਰ ਵਿਚ ਜਸਵਿੰਦਰ ਸਿੰਘ ਦਾ ਮਕਾਨ ਬਣਿਆ ਹੋਇਆ ਸੀ। ਉਸ ਨੂੰ ਤੋੜ ਕੇ ਨਵਾਂ ਮਕਾਨ ਬਣਾਉਣਾ ਸੀ। ਘਰ ਦੀਆਂ ਕੰਧਾਂ ਕੱਚੀ ਮਿੱਟੀ ਦੀਆਂ ਬਣੀਆਂ ਹੋਈਆਂ ਸਨ। ਰਾਹੁਲ ਮਜ਼ਦੂਰਾਂ ਨੂੰ ਕੰਮ ਸਮਝਾ ਕੇ ਆਪ ਕਿਤੇ ਚਲਾ ਗਿਆ ਸੀ। ਦੁਪਹਿਰ ਢਾਈ ਵਜੇ ਦੇ ਕਰੀਬ ਜਦੋਂ ਮਜ਼ਦੂਰਾਂ ਨੇ ਕੰਧ ਤੋੜਨੀ ਸ਼ੁਰੂ ਕੀਤੀ, ਇਸ ਦੌਰਾਨ ਘਰ ਦਾ ਲੈਂਟਰ ਉਨ੍ਹਾਂ ਉਤੇ ਡਿੱਗ ਗਿਆ। ਲੈਂਟਰ ਡਿੱਗਦੇ ਹੀ ਦੋ ਮਜ਼ਦੂਰ ਪਿੱਛੇ ਹੱਟ ਗਏ ਅਤੇ ਗਣੇਸ਼ ਹੇਠਾਂ ਦੱਬ ਗਿਆ।

ਇਸ ਹਾਦਸੇ ਵਿਚ ਮਜ਼ਦੂਰ ਰਾਜੋਲ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਮਕਾਨ ਮਾਲਕ ਅਤੇ ਠੇਕੇਦਾਰ ਵੀ ਉਥੇ ਪਹੁੰਚ ਗਏ। ਕ੍ਰੇਨ ਮੰਗਵਾ ਕੇ ਮਲਬਾ ਹਟਾਇਆ ਗਿਆ, ਉਦੋਂ ਤੱਕ ਗਣੇਸ਼ ਦੀ ਮੌਤ ਹੋ ਚੁੱਕੀ ਸੀ। ਗਣੇਸ਼ ਦੇ ਪਰਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਘਟਨਾ ਦੀ ਤੁਰਤ ਸੂਚਨਾ ਦੇ ਦਿਤੀ ਗਈ ਸੀ ਪਰ ਫਿਰ ਵੀ ਪੁਲਿਸ ਹਾਦਸੇ ਤੋਂ ਤਿੰਨ ਘੰਟੇ ਬਾਅਦ ਪਹੁੰਚੀ।

ਥਾਣਾ ਫ਼ੋਕਲ ਪੁਆਇੰਟ ਦੇ ਐਸਐਚਓ ਇੰਨਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।