ਵਿਕਾਸ ਪੱਖੋਂ ਪਛੜਿਆ ਸਰਹੱਦੀ ਪਿੰਡ ਠਾਕੁਰਪੁਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸਰਹੱਦ ਦੇ ਸੱਭ ਤੋਂ ਨੇੜਲੇ ਪਿੰਡ ਠਾਕੁਰਪੁਰ ਦੇ ਲੋਕਾਂ ਨਾਲ 'ਸਪੋਕਸਮੈਨ ਟੀਵੀ' ਨੇ ਕੀਤੀ ਵਿਸ਼ੇਸ਼ ਗੱਲਬਾਤ

Special coverage of Spokesman TV from Gurdaspur

ਗੁਰਦਾਸਪੁਰ : ਲੋਕ ਸਭਾ ਚੋਣਾਂ ਆਪਣੇ ਅੰਤਮ ਪੜਾਅ 'ਚ ਹੈ। ਸੂਬੇ 'ਚ 19 ਮਈ ਨੂੰ ਵੋਟਾਂ ਪੈਣੀਆਂ ਹਨ। ਇਸ ਵਾਰ ਸਿਆਸੀ ਪਾਰਟੀਆਂ ਵੱਲੋਂ ਫ਼ੌਜ ਅਤੇ ਸਰਹੱਦਾਂ ਦੇ ਨਾਂ 'ਤੇ ਜਨਤਾ ਤੋਂ ਵੋਟਾਂ ਬਟੋਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ 'ਚ 'ਸਪੋਕਸਮੈਨ ਟੀਵੀ' ਦੇ ਪੱਤਰਕਾਰ ਨੀਲ ਭਲਿੰਦਰ ਸਿੰਘ ਨੇ ਰਾਵੀ ਦਰਿਆ ਨੇੜੇ ਵਸੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। 

ਭਾਰਤ-ਪਾਕਿ ਸਰਹੱਦ ਦੇ ਸੱਭ ਤੋਂ ਨੇੜਲੇ ਪਿੰਡ ਠਾਕੁਰਪੁਰ ਦੇ ਨੌਜਵਾਨ ਮਲਕੀਤ ਸਿੰਘ ਨੇ ਦੱਸਿਆ ਕਿ ਹਰ ਵਾਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਸੜਕਾਂ-ਗਲੀਆਂ 'ਚ ਆਗੂ ਅਤੇ ਉਨ੍ਹਾਂ ਦੇ ਕਾਰਕੁਨ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੋਟਾਂ ਖ਼ਤਮ ਹੋਣ ਮਗਰੋਂ ਸਾਰੇ ਗ਼ਾਇਬ ਹੋ ਜਾਂਦੇ ਹਨ। ਉਨ੍ਹਾਂ ਦੇ ਪਿੰਡ ਦਾ ਦੂਜੇ ਜ਼ਿਲ੍ਹਿਆਂ ਦੇ ਪਿੰਡਾਂ ਨਾਲੋਂ ਕਾਫ਼ੀ ਘੱਟ ਵਿਕਾਸ ਹੋਇਆ ਹੈ। ਪਿੰਡ 'ਚ ਕੋਈ ਡਿਸਪੈਂਸਰੀ ਨਹੀਂ ਹਨ।

ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਪਾਣੀ ਦੀ ਸਮੱਸਿਆ ਹੈ। ਕਣਕ ਅਤੇ ਝੋਨਾ ਕਾਫ਼ੀ ਘੱਟ ਹੁੰਦਾ ਹੈ। ਇਲਾਕੇ 'ਚ ਸੂਰਾਂ ਦੀ ਗਿਣਤੀ ਵੀ ਕਾਫ਼ੀ ਹੈ, ਜੋ ਫ਼ਸਲਾਂ ਤਬਾਹ ਕਰ ਦਿੰਦੇ ਹਨ। ਗੰਨਾ ਹੀ ਜ਼ਿਆਦਾ ਬੀਜਿਆ ਜਾਂਦਾ ਹੈ ਪਰ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਵੋਟ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਵੋਟ ਪਾਉਣ 'ਤੇ ਵੀ ਕਿਹੜਾ ਸਾਡੇ ਪਿੰਡ 'ਚ ਵਿਕਾਸ ਕਾਰਜ ਹੋਏ ਹਨ। 

ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਸਿਰਫ਼ ਪੰਜਵੀਂ ਜਮਾਤ ਤਕ ਦਾ ਸਕੂਲ ਹੈ। ਉਸ ਤੋਂ ਅੱਗੇ ਦੀ ਪੜ੍ਹਾਈ ਲਈ ਪਿੰਡੋਂ ਬਾਹਰ ਜਾਣਾ ਪੈਂਦਾ ਹੈ। ਉਸ ਨੇ ਕਿਹਾ ਕਿ ਸਰਕਾਰ ਜਿਸ ਦੀ ਵੀ ਬਣ ਜਾਵੇ ਪਰ ਉਸ ਨੇ ਸਾਡੇ ਲਈ ਕੁਝ ਨਹੀਂ ਕਰਨਾ। 

ਵਿਦਿਆਰਥੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਪਿੰਡ ਦਾ ਜ਼ਿਆਦਾ ਵਿਕਾਸ ਨਹੀਂ ਹੋਇਆ ਹੈ। ਸਰਹੱਦੀ ਇਲਾਕਾ ਹੋਣ ਕਾਰਨ ਮੰਤਰੀ ਵੀ ਇਸ ਵੱਲ ਰੁੱਖ ਨਹੀਂ ਕਰਦੇ। ਪਿੰਡ 'ਚ ਕੋਈ ਵੱਡਾ ਹਸਪਤਾਲ ਨਹੀਂ ਹੈ। ਐਮਰਜੈਂਸੀ ਦੀ ਹਾਲਤ 'ਚ ਸ਼ਹਿਰ ਵੱਲ ਭੱਜਣਾ ਪੈਂਦਾ ਹੈ।