ਨਹਿਰ 'ਚ ਨਾਮਾਲੂਮ ਮਟੀਰੀਅਲ ਸੁੱਟ ਕੇ ਪਾਣੀ ਕੀਤਾ ਦੂਸ਼ਿਤ
ਪੰਜਾਬ ਦੇ ਦਰਿਆਵਾਂ, ਨਹਿਰਾਂ ਅਤੇ ਰਜਬਾਹਿਆਂ ਵਿਚ ਫ਼ੈਕਟਰੀਆਂ ਵਲੋਂ ਕੈਮੀਕਲ ਵਾਲਾ ਪਾਣੀ ਮਿਲਾਉਣ ਕਾਰਨ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ.......
ਦੋਰਾਹਾ, ਪੰਜਾਬ ਦੇ ਦਰਿਆਵਾਂ, ਨਹਿਰਾਂ ਅਤੇ ਰਜਬਾਹਿਆਂ ਵਿਚ ਫ਼ੈਕਟਰੀਆਂ ਵਲੋਂ ਕੈਮੀਕਲ ਵਾਲਾ ਪਾਣੀ ਮਿਲਾਉਣ ਕਾਰਨ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਕੀਤੇ ਜਾਣ ਦੀਆਂ ਖ਼ਬਰਾਂ ਲਗਦੀਆਂ ਰਹਿੰਦੀਆਂ ਹਨ। ਪਰ ਫਿਰ ਵੀ ਲੋਕ ਪਾਣੀ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦੇ ਸਗੋਂ ਅਜਿਹਾ ਕਰਨਾ ਅਪਣਾ ਪਰਮ ਧਰਮ ਸਮਝਦੇ ਹਨ। ਅਜਿਹਾ ਇਕ ਮਾਮਲਾ ਦੋਰਾਹਾ ਕੋਲੋਂ ਲੰਘਦੀ ਸਰਹਿੰਦ ਨਹਿਰ ਤੇ ਪਾਣੀ ਦੂਸ਼ਿਤ ਕਰਨ ਵਾਲੀ ਫੈਲੀ ਵੀਡੀਉ ਦੇਖਣ ਤੋਂ ਸਾਹਮਣੇ ਆਇਆ।
ਗੁਰਥਲੀ ਪੁਲ ਕੋਲੋਂ ਤਿੰਨ ਭਾਗਾਂ ਵਿਚ ਵੰਡੀ ਜਾਂਦੀ ਨਹਿਰ ਦੀ ਸਿਧਵਾਂ ਬ੍ਰਾਂਚ ਵਿਚ ਦੋ ਤਿੰਨ ਮੋਨੇ ਵਿਅਕਤੀ (ਅਣਪਛਾਤੇ ਵਿਅਕਤੀ) ਨਹਿਰ ਵਿਚ ਕਾਲੇ ਮਟੀਰੀਅਲ ਦੀਆਂ ਭਰੀਆਂ ਬੋਰੀਆਂ ਰੋੜ ਰਹੇ ਹਨ, ਜਿਸ ਨਾਲ ਨਹਿਰ ਦਾ ਪਾਣੀ ਕਾਲਾ ਹੁੰਦਾ ਨਜ਼ਰੀ ਆਉਂਦਾ ਹੈ। ਕਾਲੇ ਰੰਗ ਦੇ ਨਾਮਾਲੂਮ ਪਦਾਰਥ ਨਾਲ ਭਰੀਆਂ ਬੋਰੀਆਂ ਸੁੱਟਣ ਦੀ ਵੀਡੀਉ ਸੋਸ਼ਲ ਮੀਡੀਆ ਤੇ ਫੈਲਣ ਨਾਲ ਲੋਕਾਂ ਵਲੋਂ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਪਾਣੀ ਵਿਚ ਭਰੀਆਂ ਬੋਰੀਆਂ ਰੋੜ ਰਹੇ ਇਨ੍ਹਾਂ ਵਿਅਕਤੀ ਦੀ ਪਾਣੀਆਂ ਪ੍ਰਤੀ ਗੰਭੀਰ ਕਿਸੇ ਰਾਹਗੀਰ ਨੇ ਇਸ ਸਾਰੇ ਘਟਨਾਕ੍ਰਮ ਨੂੰ ਵੀਡੀਉ ਰਾਹੀਂ ਕੈਦ ਕਰ ਲਿਆ। ਵੀਡੀਉ ਬਣਾਉਣ ਵਾਲਾ ਵਿਅਕਤੀ ਪਾਣੀ ਦੂਸ਼ਿਤ ਕਰ ਰਹੇ ਵਿਅਕਤੀਆਂ ਨੂੰ ਸੁਆਲ ਜੁਆਬ ਵੀ ਕਰਦਾ ਹੈ ਜੋ ਉਸ ਨੂੰ ਗ਼ੈਰ ਜ਼ਿੰਮੇਵਾਰਾਨਾ ਸ਼ਬਦ ਵੀ ਕਹਿੰਦੇ ਹਨ। ਬੋਰੀਆਂ ਵਿਚ ਕੀ ਸੀ, ਕੁੱਝ ਨਹੀਂ ਪਤਾ, ਲੋਕਾਂ ਦਾ ਕਹਿਣਾ ਹੈ ਕਿ ਧਾਰਮਕ ਕਰਮ ਕਾਂਡ ਦੇ ਪੂਜਾ ਅਰਚਨਾ ਜਾਂ ਅਸਥੀਆਂ ਦੀ ਇਕ ਦੋ ਬੋਰੀ ਹੋ ਸਕਦੀ ਹੈ, ਕਰੀਬ 5-6 ਬੋਰੀਆਂ ਰੋੜਨਾ ਸਮਝ ਤੋਂ ਪਰੇ ਦੀ ਗੱਲ ਹੈ।
ਇਨ੍ਹਾਂ ਦੋ ਵਿਅਕਤੀਆਂ ਨਾਲ ਇਕ ਛੋਟੀ ਉਮਰ ਦਾ ਲੜਕਾ ਵੀ ਬੋਰੀ ਖਿੱਚੀ ਲਈ ਆਉਂਦਾ ਵੀ ਦਿਖਾਈ ਦਿੰਦਾ ਹੈ ਜਿਸ ਤੋਂ ਜਾਪਦਾ ਹੈ ਕਿ ਬੋਰੀਆਂ ਵਿਚ ਕੋਈ ਗ਼ੈਰ ਅਣਅਧਿਕਾਰਤ ਚੀਜ਼ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਨਹਿਰ ਵਿਚ ਲਿਫ਼ਾਫ਼ੇ ਜਾਂ ਹੋਰ ਸਮੱਗਰੀ ਸੁੱਟਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ, ਪਰ ਵਿਭਾਗ ਵਲੋਂ ਕਿਤੇ ਵੀ ਇਸ ਬਾਬਤ ਹੋਰਡਿੰਗ ਨਹੀਂ ਲਾਏ ਗਏ।
ਇਸ ਵੀਡੀਉ ਦੇ ਸੋਸ਼ਲ ਮੀਡੀਆ ਤੇ ਫੈਲਣ ਤੋਂ ਬਾਅਦ ਜਦੋਂ ਨਹਿਰੀ ਵਿਭਾਗ ਦੇ ਐਸ.ਡੀ.ਓ ਸੰਦੀਪ ਸਿੰਘ ਮਾਂਗਟ ਨਾਲ ਪੱਤਰਕਾਰਾਂ ਨੇ ਉਕਤ ਵਿਅਕਤੀਆਂ ਵਲੋਂ ਨਹਿਰ ਦੇ ਪਾਣੀ ਨੂੰ ਦੂਸ਼ਿਤ ਕਰਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰੀ ਵੀਡੀਉ ਦੇਖ ਲਈ ਹੈ ਤੇ ਉਨ੍ਹਾਂ ਨੇ ਪੁਲਿਸ ਅਤੇ ਸਬੰਧਤ ਵਿਭਾਗ ਦੇ ਉਚ ਅਫ਼ਸਰਾਂ ਨੂੰ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਲਈ ਲਿਖ ਦਿਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆ ਦਾ ਕਾਰ ਨੰਬਰ ਉਨ੍ਹਾਂ ਕੋਲ ਆ ਗਿਆ ਹੈ ਜਿਸ ਕਰ ਕੇ ਨਹਿਰ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਦੋਸ਼ੀ ਜਲਦੀ ਕਾਬੂ ਕਰ ਲਏ ਜਾਣਗੇ।