ਸੁਖਪਾਲ ਖਹਿਰਾ ਨਾਲ ਡਟੇ ਅੱਠ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦੇ ਤੋਂ ਲਾਹੇ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਪਾਰਟੀ ਦੇ 8 ਵਿਧਾਇਕ ਡੱਟ ਗਏ ਹਨ...........

Talking to reporters, Sukhpal Singh Khaira

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦੇ ਤੋਂ ਲਾਹੇ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਪਾਰਟੀ ਦੇ 8 ਵਿਧਾਇਕ ਡੱਟ ਗਏ ਹਨ। ਇਨ੍ਹਾਂ ਵਿਧਾਇਕਾਂ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈੱਸ ਮਿਲਣੀ ਕਰ ਕੇ ਪਾਰਟੀ ਦੇ ਇਸ ਫ਼ੈਸਲੇ ਨੂੰ ਗ਼ਲਤ ਦਸਿਆ ਹੈ ਅਤੇ ਹਾਈਕਮਾਨ ਉਤੇ ਇਸ ਫ਼ੈਸਲੇ ਉਤੇ ਮੁੜ ਨਜ਼ਰਸਾਨੀ ਕਰਨ ਲਈ ਦਬਾਅ ਪਾਇਆ ਹੈ। ਵਿਧਾਇਕਾਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਗ਼ੈਰ-ਲੋਕਤੰਤਰੀ ਤਰੀਕੇ ਨਾਲ ਹਟਾਇਆ ਹੈ। ਜੋ ਕਿ ਪਾਰਟੀ ਦੇ ਅਪਣੇ ਸਿਧਾਂਤਾਂ ਤੋਂ ਉਲਟ ਹੈ।

ਹਾਲਾਂਕਿ ਪਾਰਟੀ ਵਲੋਂ ਵਾਰ ਵਾਰ ਸੰਕੇਤ ਦਿਤੇ ਜਾ ਰਹੇ ਹਨ ਕਿ ਖਹਿਰਾ ਅਹੁਦੇ ਤੋਂ ਹਟਾਉਣ ਤੋਂ ਪਹਿਲਾਂ ਪੰਜਾਬ ਵਿਚਲੇ ਪਾਰਟੀ ਵਿਧਾਇਕਾਂ ਨੂੰ ਭਰੋਸੇ 'ਚ ਲਿਆ ਗਿਆ ਸੀ ਪਰ ਖਹਿਰਾ ਨਾਲ ਡਟੇ ਇਨ੍ਹਾਂ ਸੱਭ ਵਿਧਾਇਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਬਦੀਲੀ ਬਾਰੇ ਇੰਚਾਰਜ ਪੰਜਾਬ ਮਾਮਲੇ ਮਨੀਸ਼ ਸਿਸੋਦੀਆ ਦੇ ਟਵੀਟ ਮਗਰੋਂ ਲੱਗਾ ਹੈ ਅਤੇ ਪਾਰਟੀ ਵਿਧਾਇਕਾਂ ਨੂੰ ਤਾਂ ਕੀ ਬਲਕਿ ਖਹਿਰਾ ਨੂੰ ਵੀ ਅਪਣਾ ਪੱਖ ਰੱਖਣ ਦਾ ਕੋਈ ਮੌਕਾ ਨਹੀਂ ਦਿਤਾ ਗਿਆ ਅਤੇ ਨਾ ਹੀ ਖਹਿਰਾ ਨੂੰ ਉਸ ਦਾ ਕੋਈ ਕਸੂਰ ਹੀ ਦਸਿਆ ਗਿਆ ਹੈ।

ਇਸ ਮੌਕੇ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਪੱਤਰਕਾਰ ਅਤੇ ਮੌਜੂਦਾ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ 'ਆਪ' ਵਿਚ ਹਨ ਅਤੇ ਪਾਰਟੀ ਉਨ੍ਹਾਂ ਦੀ ਅਪਣੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਰਟੀ ਤੋਂ ਬਹੁਤ ਸਾਰੇ ਲੋਕ ਅਸਤੀਫ਼ਾ ਦੇ ਰਹੇ ਹਨ। ਇਸ ਸੰਕਟ ਬਾਰੇ ਉਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ। ਇਸ ਤੋਂ ਇਲਾਵਾ ਇਸ ਸਮੱਸਿਆ ਦੇ ਹੱਲ ਲਈ ਉਹ ਹਲਕਿਆਂ ਵਿਚ ਜਾ ਕੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਬਾਬਤ ਉਹ 2 ਅਗੱਸਤ ਨੂੰ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਲਈ ਬਠਿੰਡਾ ਵਿਖੇ ਇਕ ਕਨਵੈਨਸ਼ਨ ਵੀ ਕਰ ਰਹੇ ਹਨ

ਅਤੇ ਖਹਿਰਾ ਸਨਿਚਰਵਾ ਨੂੰ ਖ਼ੁਦ ਪਾਰਟੀ ਵਰਕਰਾਂ ਨੂੰ ਮਿਲਣ ਖ਼ਾਤਰ ਮੌੜ ਹਲਕੇ ਵਿਚ ਜਾ ਰਹੇ ਹਨ। ਇਕ ਹੋਰ 'ਆਪ' ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਉਹ ਪੰਜਾਬ ਇਕਾਈ ਦੇ ਸਹਿ-ਪ੍ਰਧਾਨ  ਡਾ. ਬਲਬੀਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਸਾਰੇ ਮਤਭੇਦ ਸਲਝਾਉਣ ਦੀ ਗੱਲ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਖਹਿਰਾ ਨੂੰ ਹਟਾਉਣ ਦਾ ਇਹ ਫ਼ੈਸਲਾ ਲਿਆ। ਵਿਧਾਇਕਾਂ ਨੇ ਕਿਹਾ ਕਿ ਉਹ ਪਾਰਟੀ ਵਿਚ ਰਹਿ ਕੇ ਹੀ ਪਾਰਟੀ ਲਈ ਕੰਮ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ। ਖਹਿਰਾ ਨੇ ਇਕ ਵਾਰ ਫਿਰ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਅਹੁਦੇ ਤੋਂ ਲਾਹੇ ਜਾਣ ਦਾ ਸਿਰਫ਼ ਕਾਰਨ ਸਪੱਸ਼ਟ ਕਰ ਦੇਵੇ।

ਉਹ ਪਾਰਟੀ ਨਾਲ ਖੜੇ ਹਨ ਅਤੇ ਉਸ ਨੂੰ ਕਿਸੇ ਅਹੁਦੇ ਦੀ ਵੀ ਕੋਈ ਲਾਲਸਾ ਨਹੀਂ ਹੈ ਪਰ ਉਸ ਦਾ ਕਸੂਰ ਦਸਿਆ ਜਾਵੇ ਅਤੇ ਉਸ ਵਲੋਂ ਨਿਭਾਏ ਬਤੌਰ ਨੇਤਾ ਵਿਰੋਧੀ ਧਿਰ ਰੋਲ ਦਾ ਵਿਸ਼ਲੇਸ਼ਣ ਕੀਤਾ ਜਾਵੇ।

ਖਹਿਰਾ ਨਾਲ ਡਟੇ ਵਿਧਾਇਕ
ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਖਰੜ ਤੋਂ ਕੰਵਰ ਸੰਧੂ, ਮੌੜ ਮੰਡੀ ਤੋਂ ਜਗਦੇਵ ਸਿੰਘ ਕਮਾਲੂ,  ਰਾਏਕੋਟ ਤੋਂ ਜਗਤਾਰ ਜੱਗਾ, ਭਦੌੜ ਤੋਂ ਪਿਰਮਿਲ ਸਿੰਘ, ਮਾਨਸਾ ਤੋਂ ਨਾਜਰ ਮਾਨਸ਼ਾਹੀਆ, ਗੜ੍ਹਸ਼ੰਕਰ ਤੋਂ ਜੈ ਕਿਸ਼ਨ ਰੋੜੀ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਡਟ ਕੇ ਖੜੇ ਹਨ।

ਵਿਧਾਇਕਾਂ ਦਾ ਭਾਸ਼ਨ ਸਾਬਤ ਹੋਈ ਪ੍ਰੈੱਸ ਕਾਨਫ਼ਰੰਸ
ਖਹਿਰਾ ਵਲੋਂ ਖ਼ੁਦ ਹੀ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਸੱਦੀ ਅੱਜ ਦੀ ਇਹ ਪ੍ਰੈੱਸ ਕਾਨਫ਼ਰੰਸ ਨਿਰੀ 'ਆਪ' ਵਿਧਾਇਕਾਂ ਦਾ ਭਾਸ਼ਣ ਸਾਬਤ ਹੋਈ। ਖਹਿਰਾ ਨੇ ਆਉਂਦੇ ਹੀ ਕਹਿ ਦਿਤਾ ਕਿ ਉਹ ਅਤੇ ਸਾਥੀ ਵਿਧਾਇਕ ਬਾਅਦ 'ਚ ਕਿਸੇ ਨੂੰ ਵਖਰੇ ਤੌਰ ਉਤੇ ਇੰਟਰਵਿਊ ਨਹੀਂ ਦੇਣਗੇ ਕਿਉਂਕਿ ਉਹ ਅਤੇ ਉਨ੍ਹਾਂ ਦੇ ਵਿਧਾਇਕ ਸਾਥੀ ਕਾਫ਼ੀ ਭੋਲੇ ਹਨ ਅਤੇ ਮੀਡੀਆ ਉਨ੍ਹਾਂ ਕੋਲੋਂ ਭੋਲੇ ਭਾਅ ਕਿਉਂ 'ਪੁੱਠੀ-ਸਿੱਧੀ' ਗੱਲ ਕਢਵਾ ਲਾਏਗਾ। ਇਸ ਮਗਰੋਂ ਖਹਿਰਾ ਸਣੇ   ਸਾਰੇ ਵਿਧਾਇਕਾਂ ਨੇ ਲੰਮੇ-ਚੌੜੇ ਭਾਸ਼ਨ ਦਿਤੇ ਅਤੇ ਜਦੋਂ ਪੱਤਰਕਾਰਾਂ ਵਲੋਂ ਸਾਂਝੇ ਤੌਰ ਉਤੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਸੱਭ ਵਿਧਾਇਕ ਅਤੇ 'ਆਪ' ਆਗੂ ਬਗ਼ੈਰ ਕਿਸੇ ਸਵਾਲ ਦਾ ਜਵਾਬ ਦਿਤਿਆਂ ਤੁਰਦੇ ਬਣੇ।