ਸੁਖਬੀਰ ਅਕਾਲੀ ਦਲ ਦੀ ਪ੍ਰਧਾਨਗੀ ਦਾ ਹੱਕਦਾਰ ਕਿਵੇਂ, ਉਸ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ :ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਦ ਅਗਲੀ ਰਣਨੀਤੀ ਐਲਾਨਾਂਗੇ : ਬ੍ਰਹਮਪੁਰਾ, ਸੇਖਵਾਂ

Ranjit Singh Brahmpura

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਅਕਾਲੀ ਦਲ 'ਚੋਂ ਬਰਖ਼ਾਸਤ ਕੀਤੇ ਗਏ ਟਕਸਾਲੀ ਅਕਾਲੀਆਂ ਨੇ ਇਸ ਕਾਰਵਾਈ ਤੋਂ ਤ੍ਰਭਕਣ ਦੀ ਬਜਾਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਬਾਗੀ ਸੁਰਾਂ ਹੋਰ ਤਿਖੀਆਂ ਕਰ ਦਿਤੀਆਂ ਹਨ। ਲੋਕ ਸਭਾ ਮੈਂਬਰ ਬ੍ਰਹਮਪੁਰਾ ਅਤੇ ਸੇਖਵਾਂ ਨੇ ਸੁਖਬੀਰ ਅਤੇ ਪਾਰਟੀ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਸਿਧਾ ਲਲਕਾਰ ਲਿਆ ਹੈ। ਰਣਜੀਤ ਸਿੰਘ ਬ੍ਰਹਮਪੁਰਾ ਤਾਂ ਇਥੋਂ ਤਕ ਕਹਿ ਗਏ ਕਿ ਅਕਾਲੀ ਦਲ ਦਾ ਪ੍ਰਧਾਨ ਤਾਂ ਸਿੱਖੀ ਬਾਰੇ ਜਾਣਦਾ ਹੀ ਕੁੱਝ ਨਹੀਂ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਉਹ ਕੇਵਲ ਇਸ ਬਿਨਾਅ ਤੇ ਮੰਗ ਰਿਹਾ ਹੈ

ਕਿ ਅਕਾਲੀ ਦਲ ਉਸ ਦੇ ਬਾਪ ਦੀ ਜਗੀਰ ਹੈ ਤੇ ਜਗੀਰ ਉਤੇ ਪ੍ਰਵਾਰ ਤੋਂ ਬਿਨਾਂ ਹੋਰ ਕਿਸੇ ਦਾ ਹੱਕ ਹੋ ਹੀ ਨਹੀਂ ਸਕਦਾ। 'ਸਪੋਕਸਮੈਨ ਵੈਬ ਟੀਵੀ' ਨਾਲ ਫ਼ੋਨ 'ਤੇ ਗੱਲ ਕਰਦੇ ਹੋਏ ਬ੍ਰਹਮਪੁਰਾ, ਸੇਖਵਾਂ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸੁਖਬੀਰ ਅਤੇ ਮਜੀਠੀਆ ਵਿਰੁਧ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਪਰਵਾਰ ਦੀ ਜਾਗੀਰ ਬਣ ਗਿਆ ਹੈ ਜਿਸ ਨੂੰ ਹੁਣ ਹਰਸਿਮਰਤ ਕੌਰ ਬਾਦਲ ਅਤੇ  ਮਜੀਠੀਆ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕਿਆਂ ਵਿਚ ਬਿਕਰਮ ਸਿੰਘ ਮਜੀਠੀਆ ਬੇਲੋੜੀ ਦਖ਼ਲ ਅੰਦਾਜ਼ੀ ਕਰ ਰਿਹਾ ਹੈ।

ਦੂਜੇ ਪਾਸੇ ਸੁਖਬੀਰ ਬਾਦਲ ਨੂੰ ਸਿਰਫ ਉਹ ਆਗੂ ਹੀ ਪਸੰਦ ਹਨ ਜੋ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ। ਬੋਨੀ ਅਜਨਾਲਾ ਨੇ ਕਿਹਾ ਕਿ ਜਦੋਂ ਡਾਕਟਰ ਰਤਨ ਸਿੰਘ ਅਜਨਾਲਾ, ਬ੍ਰਹਮਪੁਰਾ, ਸੇਖਵਾਂ ਸਾਹਿਬ ਨੇ ਸਿਆਸਤ ਸ਼ੁਰੂ ਕੀਤੀ ਸੀ, ਸੁਖਬੀਰ, ਹਰਸਿਮਰਤ ਤੇ ਮਜੀਠੀਆ ਜੰਮੇ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਤੇ ਦੂਜੇ ਟਕਸਾਲੀ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਹੀ ਪਵੇਗੀ। 

ਉਧਰ ਬ੍ਰਹਮਪੁਰਾ ਨੇ ਕਿਹਾ ਕਿ ਉਹ ਅਗਾਮੀ ਲੋਕ ਸਭਾ ਚੋਣ ਨਹੀਂ ਲੜਨਗੇ। ਪਾਰਟੀ ਵਲੋਂ ਇਸ ਕਾਰਵਾਈ ਦਾ ਅੰਦਾਜਾ ਉਹਨਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਸੋ ਕੋਈ ਹੈਰਾਨੀ ਨਹੀਂ ਹੋਈ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ ਜਿਹੇ ਮਾਮਲਿਆਂ 'ਚ ਉਹਨਾਂ ਬਾਦਲ ਨੂੰ ਵਾਰ-ਵਾਰ ਵਰਜਿਆ ਸੀ ਪਰ ਉਹਨਾਂ ਦੀ ਸੁਣੀ ਨਹੀਂ ਗਈ। ਹੁਣ ਇਸ ਜੀਜਾ ਸਾਲਾ ਤਕ ਮਹਿਦੂਦ ਹੋ ਕੇ ਮਹਿਜ਼ ਦੋ ਦਰਜਨ ਵਿਧਾਇਕਾਂ ਵਾਲੀ ਜੁੰਡਲੀ ਨਾਲ ਉਹਨਾਂ ਦਾ ਸਿਆਸੀ ਖੰਡਾ ਖੜਕੇਗਾ ਤੇ ਉਹ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਨ ਜਾ ਰਹੇ ਹਨ।

Related Stories